ਚੰਡੀਗੜ੍ਹ: ਸਾਲ 2022 ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਅਗਨੀਵੀਰ ਭਰਤੀ ਯੋਜਨਾ ਨੂੰ ਲੈਕੇ ਬਹੁਤ ਵੱਡਾ ਵਿਵਾਦ ਹੋਇਆ ਸੀ ਅਤੇ ਕਈ ਸੂਬਿਆਂ ਵਿੱਚ ਭੜਕੇ ਨੌਜਵਾਨਾਂ ਨੇ ਭੰਨਤੋੜ ਵੀ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਸੂਬੇ ਦੇ ਅਗਨੀਵੀਰਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ।
ਸੇਵਾ ਮੁਕਤੀ ਮਗਰੋਂ ਸਰਕਾਰੀ ਨੌਕਰੀ
ਦੱਸ ਦਈਏ ਅਗਨੀਵੀਰ ਸਕੀਮ ਤਹਿਤ ਫੌਜ ਵਿੱਚ ਭਰਤੀ ਹੋਏ ਨੌਜਵਾਨਾਂ ਦਾ ਕਾਰਜਕਾਲ ਇਸ ਸਕੀਮ ਮੁਤਾਬਿਕ 2027 ਵਿੱਚ ਪੂਰਾ ਹੋਣ ਜਾ ਰਿਹਾ ਹੈ ਅਤੇ 2027 ਵਿੱਚ ਇਨ੍ਹਾਂ ਫੌਜੀ ਜਵਾਨਾਂ ਨੂੰ ਇਸ ਸਕੀਮ ਤਹਿਤ ਸੇਵਾ ਮੁਕਤ ਕਰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਾਲ 2027 ਵਿੱਚ ਸੇਵਾ ਮੁਕਤ ਹੋ ਰਹੇ ਪੰਜਾਬ ਦੇ 800 ਅਗਨੀਵੀਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸ ਸਬੰਧੀ ਐਕਸ ਉੱਤੇ ਵਿਧਾਇਕਾ ਜੀਵਨਜੋਤ ਕੌਰ ਨੇ ਪੋਸਟ ਕਰਕੇ ਜਾਣਕਾਰੀ ਵੀ ਸਾਂਝੀ ਕੀਤੀ ਹੈ।
ਨੌਜਵਾਨਾਂ ਦੇ ਮਨ ਵਿੱਚ ਡਰ
ਅਗਨੀਵੀਰ ਯੋਜਨਾ ਭਾਰਤੀ ਫੌਜ ਵੱਲੋਂ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਸਾਲ 2022 ਵਿੱਚ ਪੇਸ਼ ਕੀਤੀ ਗਈ ਸੀ। ਇਸ ਯੋਜਨਾ ਤਹਿਤ ਭਰਤੀ ਹੋਣ ਵਾਲੇ ਫੌਜੀ ਜਵਾਨਾਂ ਦਾ ਕਾਰਜਕਾਲ ਮਹਿਜ਼ 4 ਸਾਲ ਦਾ ਹੈ। ਅਗਨੀਵੀਰ ਭਰਤੀ ਸਕੀਮ ਦਾ ਸਾਲ 2022 ਵਿੱਚ ਸਿਆਸੀ ਲੋਕਾਂ ਅਤੇ ਨੌਜਵਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਕਿਉਂਕਿ ਨੌਜਵਾਨਾਂ ਦਾ ਕਹਿਣਾ ਸੀ ਕਿ 4 ਸਾਲ ਬਾਅਦ ਸੇਵਾ ਮੁਕਤ ਹੋਕਣ ਮਗਰੋਂ ਭਵਿੱਖ ਵਿੱਚ ਉਹ ਕੀ ਕਰਨਗੇ। ਭਾਵੇਂ ਕੇਂਦਰ ਸਰਕਾਰ ਨੇ ਬਹੁਤ ਸਾਰੇ ਸਪੱਸ਼ਟੀਕਰਨ ਅਤੇ ਫਾਇਦੇ ਇਸ ਸਕੀਮ ਦੇ ਗਿਣਵਾਏ ਸਨ ਪਰ ਫਿਰ ਵੀ ਨੌਜਵਾਨਾਂ ਦੇ ਮਨਾਂ ਵਿੱਚ ਡਰ ਨੇ ਘਰ ਕਰ ਲਿਆ ਸੀ।
ਸੇਵਾ ਮੁਕਤੀ ਮਗਰੋਂ ਆਰਥਿਕ ਸੁਰੱਖਿਆ
ਦੱਸ ਦਈਏ ਅਗਨੀਵੀਰ ਸਕੀਮ ਤਹਿਤ ਭਰਤੀ ਪਹਿਲਾ ਬੈਚ 2027 ਵਿੱਚ ਸੇਵਾ ਮੁਕਤ ਹੋਵੇਗਾ ਅਤੇ ਪੰਜਾਬ ਸਰਕਾਰ ਨੇ ਲਗਭਗ ਤਿੰਨ ਸਾਲ ਪਹਿਲਾਂ ਹੀ ਇਹ ਐਲਾਨ ਕੀਤਾ ਹੈ ਕਿ ਉਹ ਨੌਜਵਾਨਾਂ ਨੂੰ ਨੌਕਰੀ ਦੇਣਗੇ ਪਰ ਇੱਥੇ ਇਹ ਵੀ ਵਿਚਾਰਨ ਯੋਗ ਹੈ ਕਿ 2027 ਤੱਕ ਮੌਜੂਦਾ ਪੰਜਾਬ ਸਰਕਾਰ ਦਾ ਕਾਰਕਾਲ ਵੀ ਖਤਮ ਹੋਵੇਗਾ ਅਤੇ ਅਜਿਹੇ ਵਿੱਚ ਇਸ ਐਲਾਨ ਨੂੰ ਵਿਰੋਧੀ ਸਿਆਸੀ ਸਟੰਟ ਨਾਲ ਵੀ ਜੋੜਨਗੇ ਪਰ ਇਸ ਐਲਾਨ ਨਾਲ ਪੰਜਾਬ ਦੇ ਅਗਨੀਵੀਰ ਸਕੀਮ ਤਹਿਤ ਭਰਤੀ ਨੌਜਵਾਨਾਂ ਨੂੰ ਆਰਥਿਕ ਸੁਰੱਖਿਆ ਦਾ ਭਾਵ ਜ਼ਰੂਰ ਮਿਲੇਗਾ।