ਅੰਮ੍ਰਿਤਸਰ:ਪੰਜਾਬ ਵਿੱਚ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਦੀ ਅੰਮ੍ਰਿਤਸਰ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਹੋਈ।ਇਹ ਮੀਟਿੰਗ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਇਸ ਮੀਟਿੰਗ 'ਚ ਗੈਰ-ਹਾਜ਼ਰ ਰਹੇ। ਇਹ ਮੀਟਿੰਗ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਦੇ ਨਾਂ 'ਤੇ ਚਰਚਾ ਕਰਨ ਲਈ ਰੱਖੀ ਗਈ ਸੀ। ਲੋਕ ਸਭਾ ਉਮੀਦਵਾਰ ਲਈ ਜਿਵੇਂ ਹੀ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦਾ ਨਾਂ ਆਇਆ ਤਾਂ ਸੰਸਦ ਮੈਂਬਰ ਗੁਰਜੀਤ ਔਜਲਾ ਦੇ ਸਮਰਥਕ ਗੁੱਸੇ ਵਿੱਚ ਆ ਗਏ। ਉਨ੍ਹਾਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਓਪੀ ਸੋਨੀ ਦੇ ਸਮਰਥਕਾਂ ਨੇ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਕਾਂਗਰਸ ਇੰਚਾਰਜ ਮੀਟਿੰਗ ਹਾਲ ਵਿੱਚ ਦਾਖ਼ਲ ਹੋਏ ਤਾਂ 10 ਮਿੰਟਾਂ ਵਿੱਚ ਹੀ ਹੰਗਾਮਾ ਸ਼ੁਰੂ ਹੋ ਗਿਆ। ਹਾਲਾਂਕਿ ਇਸ ਤੋਂ ਬਾਅਦ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਸਮਰਥਕਾਂ ਨੂੰ ਸ਼ਾਂਤ ਕੀਤਾ। ਜਦੋਂ ਕਿ ਜਨਰਲ ਸਕੱਤਰ ਸੰਦੀਪ ਸੰਧੂ ਸਟੇਜ ਤੋਂ ਅਪੀਲ ਕਰਦੇ ਰਹੇ ਕਿ ਹੁਣੇ ਚਰਚਾ ਸ਼ੁਰੂ ਹੋਈ ਹੈ, ਤੁਸੀਂ ਬੈਠੋ।
ਹਿੰਦੂ ਚਿਹਰੇ ਨੂੰ ਨਜ਼ਰ ਅੰਦਾਜ਼ ਕਰਨ ਦਾ ਇਲਜ਼ਾਮ: ਓਪੀ ਸੋਨੀ ਦੇ ਸਮਰਥਕਾਂ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਪਾਰਟੀ ਹਿੰਦੂ ਚਿਹਰੇ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ। ਇਸ ਵਾਰ ਹਿੰਦੂ ਚਿਹਰੇ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਇਹ ਸੁਣ ਕੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਇਹ ਗੁਰੂਆਂ ਦੀ ਨਗਰੀ ਹੈ। ਇੱਥੇ ਸਿੱਖ ਅਹਿਮ ਹਨ ਅਤੇ ਹਿੰਦੂ ਵੀ ਮਹੱਤਵਪੂਰਨ ਹਨ। ਹੁਣ ਸਮਾਂ ਆ ਗਿਆ ਹੈ, ਪਾਰਟੀ ਨੇ ਫੈਸਲਾ ਲੈਣਾ ਹੈ।