ਕੰਗਨਾ ਰਣੌਤ ਦੇ ਥੱਪੜਕਾਂਡ ਉੱਤੇ ਬੋਲੇ ਸੀਐਮ ਮਾਨ (Etv Bharat) ਚੰਡੀਗੜ੍ਹ:ਕੰਗਨਾ ਰਣੌਤ ਨਾਲ ਚੰਡੀਗੜ੍ਹ ਹਵਾਈ ਅੱਡੇ ਉੱਤੇ ਵਾਪਰੀ ਘਟਨਾ ਅਜੇ ਵੀ ਸੁਰਖੀਆਂ ਵਿੱਚ ਬਣੀ ਹੋਈ ਹੈ। ਸੀਆਈਐਸਐਫ ਮਹਿਲਾ ਜਵਾਨ ਕੁਲਵਿੰਦਰ ਕੌਰ ਵਲੋਂ ਕੰਗਨਾ ਨੂੰ ਥੱਪੜ ਮਾਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਖ਼ਬਰ ਅੱਗ ਵਾਂਗ ਫੈਲ ਗਈ। ਆਖਰ ਮਾਮਲਾ ਪੂਰਾ ਕੀ ਰਿਹਾ ਇਸ ਦੀ ਜਾਂਚ ਚੱਲ ਰਹੀ ਹੈ। ਪਰ, ਦੂਜੇ ਪਾਸੇ, ਕੰਗਨਾ ਦੇ ਥੱਪੜਕਾਂਡ ਤੋਂ ਬਾਅਦ ਉਸ ਵਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਵਿੱਚ ਉਹ ਇਕ ਵਾਰ ਫਿਰ ਇਹ ਕਹਿੰਦੇ ਹੋਏ ਨਜ਼ਰ ਆਈ ਕਿ, "ਪੰਜਾਬ ਵਿੱਚ ਅੱਤਵਾਦ ਵੱਧ ਰਿਹਾ ਹੈ।" ਸੋ, ਇਨ੍ਹਾਂ ਸਭ ਬਿਆਨਬਾਜ਼ੀਆਂ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਰਿਐਕਸ਼ਨ ਸਾਹਮਣੇ ਆਇਆ ਹੈ।
ਕੰਗਨਾ ਦੇ ਜ਼ਹਿਰੀਲੇ ਬਿਆਨ ... : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, "ਕੰਗਨਾ ਰਣੌਤ ਦੇ ਵੱਜਿਆ ਥੱਪੜ ਉਸ ਦੇ ਪਿਛਲੇ ਜ਼ਹਿਰੀਲੇ ਬਿਆਨਾਂ ਕਾਰਨ ਭੜਕ ਰਹੇ ਗੁੱਸੇ ਨੂੰ ਦਰਸਾਉਂਦਾ ਹੈ। ਇਹ ਮੰਦਭਾਗੀ ਘਟਨਾ ਹੈ, ਪਰ ਕੰਗਨਾ ਨੂੰ ਵੀ ਸੰਜਮ ਵਰਤਣਾ ਚਾਹੀਦਾ ਸੀ ਅਤੇ ਸਮੁੱਚੇ ਪੰਜਾਬੀਆਂ ਨੂੰ ਦਹਿਸ਼ਤਗਰਦ ਕਰਾਰ ਦੇਣ ਤੋਂ ਪਹਿਲਾਂ ਸੁਤੰਤਰਤਾ ਸੰਗਰਾਮ, ਦੇਸ਼ ਦੀ ਰੱਖਿਆ ਅਤੇ ਦੇਸ਼ ਨੂੰ ਅਨਾਜ ਉਤਪਾਦਨ ਪੱਖੋਂ ਆਤਮ ਨਿਰਭਰ ਬਣਾਉਣ ਵਿੱਚ ਪੰਜਾਬੀਆਂ ਦੇ ਅਹਿਮ ਯੋਗਦਾਨ ਨੂੰ ਯਾਦ ਕਰਨਾ ਚਾਹੀਦਾ ਸੀ।
ਹਰ ਪੰਜਾਬੀ ਨੂੰ ਅੱਤਵਾਦ ਕਹਿਣਾ ਚੰਗਾ ਨਹੀਂ:ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬੇਤੁਕਾ ਬਿਆਨ ਕੰਗਨਾ ਵਰਗੀ ਜਨਤਕ ਹਸਤੀ ਨੂੰ ਵੀ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ, "ਅਸੀਂ ਦੇਸ਼ ਦਾ ਢਿੱਡ ਭਰ ਰਹੇ ਹਾਂ, ਸਾਡੇ ਪੰਜਾਬੀ ਕਾਰਗਿਲ ਵਿੱਚ, ਇੱਥੋ ਤੱਕ ਕਿ ਮਾਈਨਸ ਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਸਾਡੇ ਪੰਜਾਬ ਚੋਂ ਗਏ ਜਵਾਨ ਸਰਹੱਦਾਂ ਉੱਤੇ ਡਟੇ ਹੋਏ ਹਨ। ਪਰ, ਫਿਰ ਅੱਤਵਾਦ ਵਰਗੇ ਸ਼ਬਦ ਵਰਤਣੇ, ਸਰਾਸਰ ਗ਼ਲਤ ਹਨ। ਜੇਕਰ ਕਿਸਾਨ ਧਰਨੇ ਉੱਤੇ ਬੈਠਦੇ ਹਨ, ਤਾਂ ਅੱਤਵਾਦੀ ਕਹਿ ਦਿੱਤਾ ਜਾਂਦਾ , ਅਜਿਹੀਆਂ ਟਿੱਪਣੀਆਂ ਕਰਨਾ ਚੰਗੀ ਗੱਲ ਨਹੀਂ।"
ਕੀ ਹੈ ਪੂਰਾ ਮਾਮਲਾ:ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਏਅਰਪੋਰਟ ਤੋਂ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਐਮਪੀ ਚੁਣੀ ਗਈ ਕੰਗਨਾ ਰਣੌਤ ਦਿੱਲੀ ਜਾ ਰਹੀ ਸੀ ਕਿ ਸਕਿਉਰਿਟੀ ਚੈਕਿੰਗ ਸਮੇਂ ਕੁਝ ਅਜਿਹੀ ਕਥਿਤ ਬਹਿਸ ਹੋਈ ਕਿ ਡਿਊਟੀ ਉੱਤੇ ਤੈਨਾਤ ਸੀਆਈਐਸਐਫ ਮਹਿਲਾ ਜਵਾਨ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਇਹ ਮਾਮਲਾ ਇੰਨਾ ਭੱਖਿਆ ਕਿ ਇਸ ਉੱਤੇ ਸਿਆਸੀ ਲੀਡਰਾਂ ਸਣੇ ਬਾਲੀਵੁੱਡ ਸਿਤਾਰਿਆਂ ਵਲੋਂ ਵੀ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ। ਹਾਲਾਂਕਿ, ਇਸ ਮੌਕੇ ਕਈ ਕੰਗਨਾ ਦੇ ਹੱਕ ਵਿੱਚ ਨਿਤਰੇ ਅਤੇ ਕਈਆਂ ਨੇ ਕੰਗਨਾ ਨੂੰ ਸਪੋਰਟ ਨਹੀਂ ਕੀਤਾ, ਜਦਕਿ ਕੁਲਵਿੰਦਰ ਕੌਰ ਨੂੰ ਸਪੋਰਟ ਕੀਤਾ। ਇੱਥੋ ਤੱਕ ਕਿ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਵਿਸ਼ਾਲ ਦਦਲਾਨੀ ਨੇ ਕੁਲਵਿੰਦਰ ਕੌਰ ਨੂੰ ਨੌਕਰੀ ਤੱਕ ਆਫਰ ਕਰ ਦਿੱਤੀ।