ਹੈਦਰਾਬਾਦ: ਸਭ ਦੀਆਂ ਅਰਦਾਸਾਂ ਕਬੂਲ ਹੋਈਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ। ਮੁੱਖ ਮੰਤਰੀ ਮਾਨ ਪਿਛਲੇ 4 ਦਿਨ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਸਨ। ਪੇਟ 'ਚ ਦਰਦ ਦੇ ਚੱਲਦੇ ਸੀਐਮ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਿਸ ਨੂੰ ਪਹਿਲਾਂ ਰੂਟੀਨ ਚੈਅਕੱਪ ਦੱਸਿਆ ਜਾ ਰਿਹਾ ਸੀ ਪਰ ਫਿਰ ਡਾਕਟਰਾਂ ਨੇ ਮੁਤਾਬਿਕ ਉਨ੍ਹਾਂ ਦੇ ਕੁੱਝ ਟੈਸਟ ਕਰਵਾਏ ਗਏ, ਜਿੰਨ੍ਹਾਂ ਦੀ ਰਿਪੋਰਟ ਆਉਣ ਮਗਰੋਂ ਅੱਜ ਸੀਐਮ ਘਰ ਆ ਗਏ ਹਨ। ਅੱਜ ਸਵੇਰੇ ਕਈ ਵਿਧਾਇਕ ਅਤੇ ਮੰਤਰੀ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। ਇਨ੍ਹਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹਰਜੋਤ ਸਿੰਘ ਬੈਂਸ ਸ਼ਾਮਿਲ ਹਨ।
ਸੀਐੱਮ ਦੀ ਸਿਹਤ ਬਾਰੇ ਡਾਕਟਰਾਂ ਦਾ ਬਿਆਨ
ਦਰਅਸਲ ਕੱਲ ਹਸਪਤਾਲ ਵੱਲੋਂ ਜਾਰੀ ਮੀਡੀਆ ਬੁਲੇਟਿਨ ਮੁਤਾਬਿਕ ਸ਼ਨੀਵਾਰ ਨੂੰ ਸੀਐਮ ਮਾਨ ਦੇ ਦਿਲ ਦੇ ਰੋਗਾਂ ਸੰਬੰਧੀ ਕੁਝ ਟੈਸਟ ਕੀਤੇ ਗਏ। ਉਸ ਦੀ ਰਿਪੋਰਟ ਠੀਕ ਆ ਗਈ ਹੈ ਅਤੇ ਉਸ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲਾਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾ. ਆਰ.ਕੇ. ਜਸਵਾਲ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਂਚ ਕੀਤੀ ਗਈ। ਸੀਐਮ ਦੇ ਕਲੀਨਿਕਲ ਮਾਪਦੰਡਾਂ ਵਿੱਚ ਮਹੱਤਵਪੂਰਨ ਸੁਧਾਰ ਦੇ ਸੰਕੇਤ ਮਿਲੇ ਹਨ। ਉਸ ਨੇ ਪਲਮਨਰੀ ਆਰਟਰੀ ਪ੍ਰੈਸ਼ਰ ਦੇ ਵਧਣ ਦੇ ਇਲਾਜ ਲਈ ਵੀ ਚੰਗੀ ਪ੍ਰਤੀਕਿਰਿਆ ਦਿੱਤੀ ਹੈ। ਫਿਲਹਾਲ ਮੁੱਖ ਮੰਤਰੀ ਦੇ ਸਾਰੇ ਜ਼ਰੂਰੀ ਅੰਗ ਪੂਰੀ ਤਰ੍ਹਾਂ ਸਥਿਰ ਹਨ। ਪੈਥੋਲੋਜੀਕਲ ਟੈਸਟਾਂ ਨੇ ਸੰਤੋਸ਼ਜਨਕ ਸੁਧਾਰ ਦਿਖਾਇਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੁੱਖ ਮੰਤਰੀ ਰੁਟੀਨ ਚੈਕਅੱਪ ਲਈ ਹਸਪਤਾਲ ਗਏ ਸਨ ਪਰ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਆਪਣੀ ਨਿਗਰਾਨੀ ਹੇਠ ਰੱਖਣ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਅੱਜ ਉਨ੍ਹਾਂ ਛੁੱਟੀ ਦਿੱਤੀ ਗਈ ਹੈ।