ਪੰਜਾਬ

punjab

ETV Bharat / state

ਜ਼ਿਮਨੀ ਚੋਣ: ਚੋਣ ਅਫ਼ਸਰ ਸਖ਼ਤ, ਪੰਜਾਬ ਮੁੱਖ ਚੋਣ ਅਧਿਕਾਰੀ ਵੱਲੋਂ ਹਲਕਿਆਂ ਦੇ DCs ਅਤੇ SSPs ਨਾਲ ਕੀਤੀ ਮੀਟਿੰਗ

ਅਧਿਕਾਰੀਆਂ ਨੂੰ ਚੋਣਾਂ ਤੋਂ ਪਹਿਲਾਂ ਦੇ 48 ਘੰਟਿਆਂ ਦੌਰਾਨ ਨਿਗਰਾਨੀ ਵਧਾਉਣ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਉੱਤੇ ਸਖ਼ਤੀ ਨਾਲ ਕਾਰਵਾਈ ਕਰਨ ਦੇ ਆਦੇਸ਼।

Punjab Bypolls 2024
ਜ਼ਿਮਨੀ ਚੋਣਾਂ 2024 (Etv Bharat)

By ETV Bharat Punjabi Team

Published : 9 hours ago

ਚੰਡੀਗੜ੍ਹ:ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ 10-ਡੇਰਾ ਬਾਬਾ ਨਾਨਕ, 44-ਚੱਬੇਵਾਲ (ਐਸ.ਸੀ), 84-ਗਿੱਦੜਬਾਹਾ ਅਤੇ 103-ਬਰਨਾਲਾ ਦੀ ਜ਼ਿਮਨੀ ਚੋਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵੀਰਵਾਰ ਨੂੰ ਗੁਰਦਾਸਪੁਰ, ਹੁਸ਼ਿਆਰਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਦੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਐਸਐਸਪੀਜ਼ ਨਾਲ ਵੀਡੀਓ ਕਾਨਫਰਸਿੰਗ ਰਾਹੀਂ ਮੀਟਿੰਗ ਕੀਤੀ।

ਸ਼ਿਕਾਇਤ ਮਿਲਣ ਉੱਤੇ ਹੋਵੇਗੀ ਸਖ਼ਤ ਕਾਰਵਾਈ

ਮੀਟਿੰਗ ਦੌਰਾਨ ਸਿਬਿਨ ਸੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਡਰੱਗ, ਸ਼ਰਾਬ, ਨਕਦੀ ਅਤੇ ਹੋਰ ਸਮਾਨ ਦੀ ਗੈਰ-ਕਾਨੂੰਨੀ ਤਸਕਰੀ ਉੱਤੇ ਨੱਥ ਪਾਉਣ ਲਈ ਨਿਗਰਾਨੀ ਹੋਰ ਵਧਾਈ ਜਾਵੇ ਅਤੇ ਵੋਟਾਂ ਦੌਰਾਨ ਜੇਕਰ ਵੋਟਰਾਂ ਨੂੰ ਭਰਮਾਉਣ ਲਈ ਨਕਦੀ ਅਤੇ ਸਮਾਨ ਵੰਡਣ ਦੀ ਸ਼ਿਕਾਇਤ ਮਿਲਦੀ ਹੈ, ਤਾਂ ਇਸ ਉੱਤੇ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵੋਟਾਂ ਤੋਂ ਪਹਿਲਾਂ ਦੇ 48 ਘੰਟਿਆਂ ਤੋਂ ਲੈ ਕੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਚੌਕਸੀ ਹੋਰ ਵਧਾਉਣ, ਨਾਕਿਆਂ ਉੱਤੇ ਸਖਤੀ ਕਰਨ ਅਤੇ ਹਲਕਿਆਂ ਤੋਂ ਬਾਹਰਲੇ ਲੋਕਾਂ ਦੀ ਆਵਾਜਾਈ ਉੱਤੇ ਤਿੱਖੀ ਨਜ਼ਰ ਰੱਖਣ ਦੇ ਆਦੇਸ਼ ਦਿੱਤੇ।

ਲਾਈਵ ਵੈਬਕਾਸਟਿੰਗ ਯਕੀਨੀ ਬਣਾਉਣਾ

ਮੁੱਖ ਚੋਣ ਅਧਿਕਾਰੀ ਨੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫੀਸਦ ਲਾਈਵ ਵੈਬਕਾਸਟਿੰਗ ਯਕੀਨੀ ਬਣਾਉਣ ਅਤੇ ਕਾਊਂਟਿੰਗ ਹਾਲਾਂ ਵਿੱਚ ਢੁਕਵੇਂ ਪ੍ਰਬੰਧ ਸੁਨਿਸ਼ਚਿਤ ਕਰਨ ਲਈ ਕਿਹਾ। ਸਿਬਿਨ ਸੀ ਨੇ ਪੋਲਿੰਗ ਸਟਾਫ਼ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ‘ਤੇ ਖਾਣ-ਪੀਣ, ਰਿਹਾਇਸ਼ ਦੇ ਉਚਿਤ ਪ੍ਰਬੰਧ ਕਰਨ ਅਤੇ ਵੱਧ ਰਹੀ ਠੰਢ ਤੋਂ ਬਚਾਉਣ ਲਈ ਕੀਤੇ ਗਏ ਲੋੜੀਂਦੇ ਉਪਾਅ ਦੀ ਸਮੀਖਿਆ ਵੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੋਲਿੰਗ ਸਟੇਸ਼ਨਾਂ 'ਤੇ ਵੋਟਰਾਂ ਲਈ ਪੀਣ ਵਾਲੇ ਪਾਣੀ, ਵੇਟਿੰਗ ਏਰੀਆ, ਵਧੀਆ ਕੁਆਲਿਟੀ ਦੇ ਪਖਾਨਿਆਂ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਲਈ ਵੀ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਐਸਐਸਪੀਜ਼ ਨੇ ਮੁੱਖ ਚੋਣ ਅਧਿਕਾਰੀ ਨੂੰ ਭਰੋਸਾ ਦਿੱਤਾ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸ਼ਾਂਤੀਪੂਰਨ ਤੇ ਨਿਰਪੱਖ ਚੋਣਾਂ ਯਕੀਨੀ ਬਣਾਈਆਂ ਜਾਣਗੀਆਂ। ਮੀਟਿੰਗ ਦੌਰਾਨ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਅਤੇ ਏਡੀਜੀਪੀ-ਕਮ-ਸਟੇਟ ਪੁਲਿਸ ਨੋਡਲ ਅਫ਼ਸਰ ਐਮ.ਐਫ. ਫਾਰੂਕੀ ਨੇ ਵੀ ਜ਼ਿਲ੍ਹਾ ਅਧਿਕਾਰੀਆਂ ਨੂੰ ਸੰਬੋਧਿਤ ਕੀਤਾ ਅਤੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।

ABOUT THE AUTHOR

...view details