ਚੰਡੀਗੜ੍ਹ: ਪੰਜਾਬ ਵਿਚਲੀਆਂ ਜ਼ਿਮਨੀ ਚੋਣਾਂ ਨੇ ਇੱਕ ਵਾਰ ਫਿਰ ਤੋਂ ਸਿਆਸੀ ਅਖਾੜਾ ਭਖਾ ਦਿੱਤਾ ਹੈ। ਬੀਤੇ ਦਿਨੀਂ ਜਿਥੇ ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣਾਂ ਦੇ ਚਾਰ ਹਲਕਿਆਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ ਤਾਂ ਉਥੇ ਹੀ ਭਾਰਤੀ ਜਨਤਾ ਪਾਰਟੀ ਵਲੋਂ ਵੀ ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਕਾਂਗਰਸ ਵਲੋਂ ਵੀ ਆਪਣੇ ਚਾਰੇ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਕਾਂਗਰਸ ਨੇ ਐਲਾਨੇ ਉਮੀਦਵਾਰ (ETV BHARAT) ਕਾਂਗਰਸ ਨੇ ਐਲਾਨੇ ਇਹ ਉਮੀਦਵਾਰ
ਪੰਜਾਬ ਦੀਆਂ ਚਾਰ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਚਾਰਾਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਆਪਣੇ ਪੁਰਾਣੇ ਆਗੂਆਂ ’ਤੇ ਹੀ ਭਰੋਸਾ ਪ੍ਰਗਟਾਇਆ ਹੈ। ਕਾਂਗਰਸ ਨੇ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਰੰਧਾਵਾ, ਚੱਬੇਵਾਲ ਤੋਂ ਰਣਜੀਤ ਕੁਮਾਰ, ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ ਤੇ ਬਰਨਾਲਾ ਤੋਂ ਕੁਲਦੀਪ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਹੈ।
ਭਾਜਪਾ ਨੇ ਇੰਨ੍ਹਾਂ 'ਤੇ ਖੇਡਿਆ ਦਾਅ
ਉੱਧਰ ਇਸ ਤੋਂ ਪਹਿਲਾਂ ਭਾਜਪਾ ਨੇ ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ, ਬਰਨਾਲਾ ਤੋਂ ਕੇਵਲ ਢਿੱਲੋਂ ਤੇ ਡੇਰਾ ਬਾਬਾ ਨਾਨਕ ਤੋਂ ਰਵੀ ਕਰਨ ਕਾਹਲੋਂ ਨੂੰ ਉਮੀਦਵਾਰ ਬਣਾਇਆ ਹੈ। ਤਿੰਨੋਂ ਹੀ ਉਮੀਦਵਾਰ ਬਾਹਰ ਦੇ ਹਨ। ਹਾਲਾਂਕਿ ਕੇਵਲ ਢਿੱਲੋਂ 2022 ’ਚ ਸੰਗਰੂਰ ਲੋਕ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ’ਚ ਭਾਜਪਾ ਦੇ ਉਮੀਦਵਾਰ ਸਨ। ਤਿੰਨੋਂ ਉਮੀਦਵਾਰ ਆਪਣੇ-ਆਪਣੇ ਹਲਕੇ ਦੇ ਪੁਰਾਣੇ ਚਿਹਰੇ ਵੀ ਹਨ।
ਭਾਜਪਾ ਨੇ ਐਲਾਨੇ ਉਮੀਦਵਾਰ (ETV BHARAT) 'ਆਪ' ਇੰਨ੍ਹਾਂ ਨੂੰ ਕਰ ਚੁੱਕੀ ਚੋਣ ਮੈਦਾਨ 'ਚ ਖੜਾ
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ‘ਆਮ ਆਦਮੀ ਪਾਰਟੀ’ ਨੇ ਜ਼ਿਮਨੀ ਚੋਣਾਂ ਲਈ ਚਾਰਾਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੋਇਆ ਹੈ। ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਦਕਿ ਚੱਬੇਵਾਲ ਤੋਂ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਡਾ: ਰਾਜ ਕੁਮਾਰ ਚੱਬੇਵਾਲ ਦੇ ਬੇਟੇ ਈਸ਼ਾਨ ਚੱਬੇਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ ਨੂੰ ਅਤੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਉਮੀਦਵਾਰ ਬਣਾਇਆ ਗਿਆ ਹੈ।