ਚੰਡੀਗੜ੍ਹ:ਬਹੁਜਨ ਸਮਾਜ ਪਾਰਟੀ ਦਾ ਚਾਰ ਮੈਂਬਰੀ ਬਫਦ ਅੱਜ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਜੀ ਦੀ ਅਗਵਾਈ ਵਿੱਚ ਮਿਲਿਆ ਅਤੇ ਛੇ ਬਿੰਦੂਆਂ ਉੱਤੇ ਮੈਮੋਰੰਡਮ ਵੀ ਦਿੱਤਾ। ਇਸ ਵਫਦ ਵਿੱਚ ਵਿਧਾਇਕ ਡਾਕਟਰ ਨਛੱਤਰ ਪਾਲ, ਅਜੀਤ ਸਿੰਘ ਭੈਣੀ ਅਤੇ ਬਲਦੇਵ ਸਿੰਘ ਮਹਿਰਾ ਵੀ ਸ਼ਾਮਲ ਸਨ। ਗੜੀ ਨੇ ਪ੍ਰੈਸ ਨਾਲ ਵਾਰਤਾ ਕਰਦੇ ਹੋਏ ਦੱਸਿਆ ਕਿ ਤਮਿਲਨਾਡੂ ਸੂਬੇ ਦੇ ਬਸਪਾ ਪ੍ਰਧਾਨ ਕੇ.ਆਰਮਸਟਰਾਂਗ ਦੇ ਕਤਲ ਦੀ ਸਾਜਿਸ਼ ਨੂੰ ਬੇਨਕਾਬ ਕਰਨ ਲਈ ਕੇਂਦਰੀ ਏਜੰਸੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ।
ਗੜੀ ਨੇ ਆਖਿਆ ਕਿ ਬਹੁਜਨ ਸਮਾਜ ਪਾਰਟੀ ਦੇ ਆਗੂ ਪੰਜਾਬ ਵਿੱਚ ਜਾਤੀਵਾਦ ਤਹਿਤ ਹੋ ਰਹੇ ਜੁਲਮ ਅੱਤਿਆਚਾਰਾਂ ਖਿਲਾਫ ਲੜਾਈ ਲੜਦੇ ਹਨ ਜਿਨਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ਵਿੱਚ ਆਮ ਆਦਮੀ ਪਾਰਟੀ ਜਾਤੀਵਾਦੀ ਨਜ਼ਰੀਏ ਨਾਲ ਪੁਲਿਸ ਸੁਰੱਖਿਆ ਕਰਨ ਤੋਂ ਭੱਜ ਰਹੀ ਹੈ। ਪੰਜਾਬ ਪੁਲਿਸ ਦਾ ਨਜ਼ਰੀਆ ਜਾਤੀਵਾਦੀ ਤੌਰ ਉੱਤੇ ਇੰਨ੍ਹਾਂ ਤੰਗ ਹੈ ਕਿ ਜਦੋਂ ਗਰੀਬਾਂ, ਦਲਿਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਇਨਸਾਫ ਦੀ ਜਰੂਰਤ ਹੁੰਦੀ ਹੈ ਤਾਂ ਪੰਜਾਬ ਪੁਲਿਸ ਇਨਕੁਆਇਰੀ, ਸਿੱਟ ਅਤੇ ਲੀਗਲ ਐਡਵਾਈਜ਼ਰ ਦੀ ਸਲਾਹ ਦੇ ਨਾਮ ਉੱਤੇ ਗਰੀਬਾਂ ਨੂੰ ਇਨਸਾਫ ਦੇਣ ਤੋਂ ਭੱਜਦੀ ਹੈ।
ਪੰਜਾਬ ਪੁਲਿਸ ਦੀ ਨਿਕੰਮੀ ਕਾਰਗੁਜ਼ਾਰੀ ਹੀ ਹੈ ਕਿ ਅੱਜ ਪੰਜਾਬ ਨਸ਼ਿਆਂ ਅਤੇ ਗੈਂਗਵਾਰ ਦਾ ਘਰ ਬਣ ਚੁੱਕਾ ਹੈ। ਇੱਥੋਂ ਤੱਕ ਕਿ ਪੰਜਾਬ ਪੁਲਿਸ ਦੇ ਅਧੀਨ ਜੇਲ੍ਹਾਂ ਵੀ ਜੁਲਮ ਦੇ ਅੱਡੇ ਬਣ ਗਈਆਂ ਹਨ। ਅਜਿਹੇ ਬੁਰੇ ਹਾਲਾਤਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 30 ਮਹੀਨਿਆਂ ਵਿੱਚ ਪੰਜਾਬ ਨੂੰ ਪੱਕਾ ਡੀਜੀਪੀ ਨਹੀਂ ਦੇ ਸਕੀ ਹੈ ਜੋ ਮਜਬੂਤ ਫੈਸਲੇ ਲੈ ਸਕੇ। ਇਸ ਦੀ ਉਦਾਹਰਨ ਹੈ ਕਿ ਜਲੰਧਰ ਵਿੱਚ ਬਸਪਾ ਦੇ 163 ਵਰਕਰਾਂ ਤੇ ਪੰਜਾਬ ਪੁਲਿਸ ਨੇ ਝੂਠਾ ਪਰਚਾ ਦਰਜ ਕੀਤਾ। ਜਦੋਂ ਡੀਜੀਪੀ ਪੰਜਾਬ ਨਾਲ ਬਸਪਾ ਵਫਦ ਨੇ ਗੱਲਬਾਤ ਕੀਤੀ ਤਾਂ ਡੀਜੀਪੀ ਪੰਜਾਬ ਇਕ ਸਾਲ ਪਹਿਲਾਂ ਮੰਨ ਗਿਆ ਸੀ ਇਹ ਝੂਠੇ ਪਰਚੇ ਵਾਪਸ ਲਵਾਂਗੇ ਅੱਜ ਤੱਕ ਵੀ ਇਹ ਝੂਠੇ ਪਰਚੇ ਹੇਠਲੇ ਅਫਸਰ ਵਾਪਸ ਲੈ ਨਹੀਂ ਸਕੇ।