ਚੰਡੀਗੜ੍ਹ: 'ਗੁਰਦਾਸਪੁਰ 'ਚ ਇੱਕ ਦਿਨ ਪਹਿਲਾਂ ਹੋਈ ਪ੍ਰਧਾਨ ਮੰਤਰੀ ਮੋਦੀ ਦੀ ਇਤਿਹਾਸਕ ਰੈਲੀ ਨਾਲ ਮਾਝੇ 'ਚ ਚੱਲੀ ਸਿਆਸੀ ਹਨੇਰੀ 'ਚ ਵਿਰੋਧੀ ਸਿਆਸੀ ਦਲ ਤੀਲਿਆਂ ਵਾਂਗ ਉੱਡ ਗਏ ਹਨ। ਇਸ ਹਨੇਰੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਿਆਸੀ ਆਗੂਆਂ ਦਾ ਭਾਜਪਾ 'ਚ ਸ਼ਾਮਲ ਹੋਣ ਦਾ ਸਿਲਸਿਲਾ ਹੋਰ ਤੇਜ਼ ਕਰ ਦਿੱਤਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਪ੍ਰਧਾਨ ਮਿਊਂਸੀਪਲ ਕਮੇਟੀ ਸੁਜਾਨਪੁਰ ਰਾਜ ਕੁਮਾਰ ਗੁਪਤਾ ਤੇ ਹੋਰ ਆਗੂਆਂ ਨੂੰ ਭਾਜਪਾ 'ਚ ਸ਼ਾਮਲ ਕਰਨ ਮੌਕੇ ਕੀਤਾ।
ਅਕਾਲੀ ਆਗੂ ਦਾ ਪਾਰਟੀ 'ਚ ਸਵਾਗਤ: ਦੱਸ ਦਈਏ ਕਿ ਰਾਜ ਕੁਮਾਰ ਗੁਪਤਾ ਦੀਨਾਨਗਰ ਇਲਾਕੇ ਦਾ ਵੱਡਾ ਸਿਆਸੀ ਚਿਹਰਾ ਹਨ ਤੇ ਉਹ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਲੜ ਚੁੱਕੇ ਹਨ। ਵੱਖ-ਵੱਖ ਸਿਆਸੀ ਆਗੂਆਂ ਦੀ ਭਾਜਪਾ 'ਚ ਸ਼ਮੂਲੀਅਤ ਕਰਨ ਮੌਕੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਜ਼ਿਲ੍ਹਾ ਪ੍ਰਧਾਨ ਭਾਜਪਾ ਪਠਾਨਕੋਟ ਵਿਜੇ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਸੁਰੇਸ਼ ਸ਼ਰਮਾ, ਸੂਬਾ ਮੀਡੀਆ ਮੁਖੀ ਭਾਜਪਾ ਪੰਜਾਬ ਵਿਨਿਤ ਜੋਸ਼ੀ ਆਦਿ ਵੀ ਮੌਜੂਦ ਸਨ।