ਚੰਡੀਗੜ੍ਹ : ਅੱਜ ਸਵੇਰੇ ਕਰੀਬ ਸਵਾ 7 ਵਜੇ ਦੇ ਕਰੀਬ ਚੰਡੀਗੜ੍ਹ ਦਾ ਦਿਲ ਕਹੇ ਜਾਂਦੇ ਸੈਕਟਰ 17 ਵਿੱਚ ਵੱਡਾ ਹਾਦਸਾ ਵਾਪਰ ਗਿਆ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸ ਤਰ੍ਹਾਂ ਦਾ ਜਾਣੀ ਨੁਕਸਾਨ ਨਹੀਂ ਹੋਇਆ। ਦਰਅਸਲ, ਇਹ ਚੰਡੀਗੜ੍ਹ ਸੈਕਟਰ 17 ਦੇ ਹੋਟਲ ਮਹਿਫਿਲ ਕੋਲ ਇੱਕ ਬਹੁਤ ਪੁਰਾਣੀ ਬਿਲਡਿੰਗ ਸੀ, ਜੋ ਢਹਿ ਢੇਰੀ ਹੋ ਗਈ।
ਕੋਈ ਜਾਨੀ ਨੁਕਸਾਨ ਨਹੀਂ ਹੋਇਆ
ਦੱਸਿਆ ਜਾ ਰਿਹਾ ਹੈ ਕਿ ਖਤਰੇ ਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਇਸ ਇਮਾਰਤ ਨੂੰ ਖਾਲੀ ਕਰਵਾ ਕੇ ਸੀਲ ਕੀਤਾ ਜਾ ਚੁੱਕਿਆ ਸੀ ਜੋ ਕਿ ਅੱਜ ਅਚਾਨਕ ਢਹਿ ਗਿਆ। ਖੁਸ਼ਕਿਸਮਤੀ ਨਾਲ, ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕਿਉਂਕਿ ਸਥਾਨਕ ਪ੍ਰਸ਼ਾਸਨ ਦੁਆਰਾ ਉਠਾਏ ਗਏ ਸੁਰੱਖਿਆ ਚਿੰਤਾਵਾਂ ਦੇ ਕਾਰਨ ਇਮਾਰਤ ਅਤੇ ਆਸ ਪਾਸ ਦੀਆਂ ਦੁਕਾਨਾਂ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਗਿਆ ਸੀ।
1970 'ਚ ਬਣੀ ਸੀ ਇਮਾਰਤ
ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਇਮਾਰਤ ਕੋਲ ਕੰਮ ਚਲ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਅਤੇ ਇਸ ਨੂੰ ਪਹਿਲਾਂ ਹੀ ਖਤਰਨਾਕ ਕਰਾਰ ਦਿੰਦੇ ਹੋਏ ਆਸ ਪਾਸ ਦੇ ਇਲਾਕੇ 'ਚ ਮੌਜੂਦ ਲੋਕਾਂ ਨੂੰ ਹਟਾਏ ਜਾਨ ਦੇ ਹੁਕਮ ਜਾਰੀ ਕੀਤੇ ਗਏ ਸਨ। ਡੀਸੀ ਦਫ਼ਤਰ ਅਤੇ ਮਸ਼ਹੂਰ ਸ਼ੋਅਰੂਮ ਨੇੜੇ ਸਥਿਤ ਹਨ। ਜਾਣਕਾਰੀ ਅਨੁਸਾਰ ਇਹ ਇਮਾਰਤ 1970 ਦੇ ਆਸ-ਪਾਸ ਬਣੀ ਸੀ। ਇਹ ਇਮਾਰਤ ਸ਼ਹਿਰ ਦੇ ਪ੍ਰਮੁੱਖ ਸਥਾਨ 'ਤੇ ਸਥਿਤ ਹੈ। ਲੋਕਾਂ ਮੁਤਾਬਕ ਇਹ ਇਮਾਰਤ 5 ਮੰਜ਼ਿਲਾ ਸੀ।
ਉਨ੍ਹਾਂ ਦੱਸਿਆ ਕਿ, 'ਜਦੋਂ ਇਹ ਇਮਾਰਤ ਡਿੱਗੀ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਧਮਾਕਾ ਹੋਇਆ ਹੋਵੇ। ਕੁਝ ਸਮੇਂ ਲਈ ਦਹਿਸ਼ਤ ਫੈਲ ਗਈ।' ਇਸ ਇਮਾਰਤ ਦੇ ਨਾਲ ਮਹਿਫਿਲ ਹੋਟਲ ਨੇੜੇ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਮਾਰਤ 'ਚ ਕਰੀਬ 2 ਮਹੀਨਿਆਂ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਕਾਰਨ ਇਮਾਰਤ ਵਿੱਚ ਤਰੇੜਾਂ ਆ ਗਈਆਂ। ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਉਂਦੇ ਹੀ 27 ਦਸੰਬਰ ਨੂੰ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ।