ਅਕਾਲੀ ਆਗੂ ਬਿਕਰਮ ਮਜੀਠੀਆ ਮੀਡੀਆ ਨਾਲ ਗੱਲ ਕਰਦੇ ਹੋਏ ਅੰਮ੍ਰਿਤਸਰ:ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ। ਜਿਸ ਦੀ ਸ਼ੁਰੂਆਤ ਅਟਾਰੀ ਹਲਕੇ ਤੋਂ ਕੀਤੀ ਗਈ ਤੇ ਰਾਜਾਸਾਂਸੀ ਹਲਕੇ ਤੋਂ ਹੁੰਦੀ ਅੱਗੇ ਵਧੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਯਾਤਰਾ 'ਚ ਸ਼ਾਮਲ ਹੈ। ਜਿੰਨ੍ਹਾਂ ਵਲੋਂ ਲੋਕਾਂ ਦੇ ਮਸਲੇ ਵੀ ਸੁਣੇ ਜਾ ਰਹੇ ਹਨ। ਇਸ ਦੌਰਾਨ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਵੀ ਪੰਜਾਬ ਬਚਾਓ ਯਾਤਰਾ 'ਚ ਸ਼ਾਮਲ ਹੋਏ ਤੇ ਉਨ੍ਹਾਂ ਵਲੋਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਕਈ ਨਿਸ਼ਾਨੇ ਵੀ ਸਾਧੇ ਹਨ।
ਸਰਕਾਰ ਅਤੇ ਮੁੱਖ ਮੰਤਰੀ 'ਤੇ ਨਿਸ਼ਾਨਾ: ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਵ ਦੇ ਨਾਂ 'ਤੇ ਪੰਜਾਬ ਨੂੰ ਆਈਸੀਯੂ ਵਿੱਚ ਖੜਾ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਪੰਜਾਬ ਬਚਾਓ ਰੈਲੀ ਕੱਢੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨੇ ਸਾਧਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਬੁਰੀ ਤਰੀਕੇ ਫੇਲ੍ਹ ਸਾਬਤ ਹੋਈ ਹੈ। ਇਸ ਦੇ ਨਾਲ ਹੀ ਹੋਰ ਵੀ ਕਈ ਮਸਲੇ ਜੋ ਪੰਜਾਬ ਨਾਲ ਸਬੰਧ ਰੱਖਦੇ ਹਨ, ਜਿੰਨ੍ਹਾਂ ਨੂੰ ਲੈਕੇ ਅਕਾਲੀ ਦਲ ਇਹ ਯਾਤਰਾ ਕੱਢ ਰਿਹਾ ਹੈ।
ਐੱਮਪੀ ਮਾਨ ਨੂੰ ਨਜ਼ਰਬੰਦ ਕਰਨਾ ਮੰਦਭਾਗਾ: ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਜਿਸ ਤਰੀਕੇ ਘਰ ਦੇ ਵਿੱਚ ਹਾਊਸ ਅਰੈਸਟ ਕੀਤਾ ਗਿਆ, ਇਹ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਹਮੇਸ਼ਾ ਆਵਾਜ਼ ਚੁੱਕੀ ਜਾਂਦੀ ਹੈ ਤੇ ਉਹਨਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤੀ ਗਈ। ਇਸ ਦੇ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਭਗਵੰਤ ਮਾਨ ਵੱਲੋਂ 26 ਜਨਵਰੀ ਵਾਲੇ ਦਿਨ ਸਪੀਚ ਦਿੱਤੀ, ਉਹ ਬਹੁਤ ਹੀ ਹਾਸੋਹੀਣੀ ਹੈ ਅਤੇ ਉਸ ਸਪੀਚ ਨੂੰ ਲੈ ਕੇ ਭਗਵੰਤ ਮਾਨ 'ਤੇ ਮਾਮਲਾ ਵੀ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਪੀਚ ਦੌਰਾਨ ਆਪਣੇ ਪਰਿਵਾਰਿਕ ਗੱਲਾਂ ਕਰ ਰਹੇ ਸਨ, ਜੋ ਕਿ ਨਹੀਂ ਸੀ ਕਰਨੀਆਂ ਚਾਹੀਦੀਆਂ।
'ਸ਼ਰਾਬ ਛੱਡ ਦੇਣ ਮੁੱਖ ਮੰਤਰੀ ਮਾਨ':ਬਿਕਰਮ ਮਜੀਠੀਆ ਨੇ ਨਾਲ ਹੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਾਬ ਪੀ-ਪੀ ਕੇ ਆਪਣੇ ਆਪ ਨੂੰ ਬਹੁਤ ਗੰਭੀਰ ਬਿਮਾਰੀ ਲਗਵਾ ਲਈ ਹੈ ਤੇ ਉਨ੍ਹਾਂ ਨੂੰ ਚਾਹੀਦਾ ਉਸ ਦਾ ਚੰਗੀ ਤਰ੍ਹਾਂ ਇਲਾਜ ਕਰਵਾਏ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦਿੱਲੀ 'ਚ ਡਾਕਟਰਾਂ ਕੋਲ ਚੋਰੀ-ਚੋਰੀ ਜਾਂਦੇ ਹਨ ਪਰ ਡਾਕਟਰ ਉਨ੍ਹਾਂ ਨੂੰ ਸਭ ਕੁਝ ਦੱਸ ਦਿੰਦੇ ਹਨ। ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦੇਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਹੁਣ ਸ਼ਰਾਬ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਬ ਆਪਣੇ ਦੋ ਬੱਚਿਆਂ ਪ੍ਰਤੀ ਤਾਂ ਸਹੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਪਰ ਹੁਣ ਉਨ੍ਹਾਂ ਨੂੰ ਪਰਿਵਾਰ 'ਚ ਆ ਰਹੇ ਨਵੇਂ ਮਹਿਮਾਨ ਦੇ ਕਾਰਨ ਸ਼ਰਾਬ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹੋਰ ਕੁਝ ਨੀ ਹੋਣਾ ਸਿਰਫ਼ ਪੰਜਾਬ ਸਰਕਾਰ ਦਾ ਕੁਝ ਰੈਵੀਨਿਊ ਹੀ ਘੱਟ ਹੋਵੇਗਾ।