ਲਧਿਆਣਾ :ਪੰਜਾਬ ਭਰ ਦੇ ਵਿੱਚ ਮੌਸਮ ਦੇ ਅੰਦਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ। ਪੰਜਾਬ ਅਤੇ ਚੰਡੀਗੜ੍ਹ 'ਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ। ਹਿਮਾਚਲ 'ਚ ਬਰਫਬਾਰੀ ਕਾਰਨ ਇਲਾਕੇ ਦਾ ਮੌਸਮ ਠੰਡਾ ਹੋ ਗਿਆ ਹੈ। ਕਈ ਇਲਾਕਿਆਂ 'ਚ ਸਵੇਰ ਅਤੇ ਸ਼ਾਮ ਨੂੰ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ 27 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਯਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। 27 ਦਸੰਬਰ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਾਰਿਸ਼ ਦੇ ਨਾਲ ਤੇਜ ਹਵਾਵਾਂ ਚੱਲਣਗੀਆਂ ਤੇ ਨਾਲ ਹੀ ਕਈ ਥਾਵਾਂ 'ਤੇ ਗੜੇਮਾਰੀ ਵੀ ਹੋ ਸਕਦੀ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ 'ਚ 27 ਦਸੰਬਰ ਤੋਂ ਲੈ ਕੇ 29 ਤੱਕ ਯੈਲੋ ਅਲਰਟ: ਗੜ੍ਹੇਮਾਰੀ ਦੀ ਸੰਭਾਵਨਾ, ਕਈ ਥਾਵਾਂ 'ਤੇ ਪਵੇਗਾ ਮੀਂਹ, ਵਧੇਗੀ ਠੰਢ - PAU LUDHIANA
27 ਦਸੰਬਰ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਾਰਿਸ਼ ਦੇ ਨਾਲ ਤੇਜ ਹਵਾਵਾਂ ਚੱਲਣਗੀਆਂ ਤੇ ਕਈ ਥਾਵਾਂ 'ਤੇ ਗੜੇਮਾਰੀ ਵੀ ਹੋ ਸਕਦੀ ਹੈ।
Published : Dec 26, 2024, 5:38 PM IST
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਬਾਰਿਸ਼ ਪੈਣ ਦੇ ਨਾਲ ਕਈ ਥਾਵਾਂ ਤੇ ਗੜੇਮਾਰੀ ਵੀ ਹੋ ਸਕਦੀ ਹੈ। ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਉਸ ਤੋਂ ਬਾਅਦ ਠੰਡ ਦੇ ਵਿੱਚ ਇਜਾਫਾ ਹੋਵੇਗਾ ਅਤੇ ਸ਼ੀਤ ਲਹਿਰ ਵੀ ਚੱਲੇਗੀ ਕਿਉਂਕਿ ਦਿਨ ਦੇ ਵਿੱਚ ਤਾਪਮਾਨ ਕਾਫੀ ਘੱਟ ਰਹਿੰਦਾ ਹੈ। ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਜਦੋਂ ਬੱਦਲਵਾਈ ਹੁੰਦੀ ਹੈ ਉਦੋਂ ਤੇਜ਼ ਹੋਵਾਂ ਚੱਲਦੀਆਂ ਹਨ। ਹਾਲਾਂਕਿ ਉਨ੍ਹਾਂ ਨੇ ਨਾਲ-ਨਾਲ ਇਹ ਵੀ ਕਿਹਾ ਕਿ ਫਸਲਾਂ ਨੂੰ ਇਸਦਾ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਫਸਲਾਂ ਲਈ ਇਹ ਮੀਂਹ ਕਾਫੀ ਲਾਹੇਬੰਦ ਹੀ ਹੈ।
ਹੋਰ ਵੀ ਵਧ ਸਕਦੀ ਹੈ ਠੰਡ
ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਦਲਦੇ ਮੌਸਮ ਦਾ ਅਸਰ ਪੰਜਾਬ ਵਿੱਚ ਜਰੂਰ ਵੇਖਣ ਨੂੰ ਮਿਲ ਸਕਦਾ ਹੈ। ਇਸ ਕਾਰਨ 27 ਦਸੰਬਰ ਨੂੰ ਪੰਜਾਬ ਵਿੱਚ ਹਲਕੀ-ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਅਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਠੰਡ ਹੋਰ ਵੀ ਵਧ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਈ ਹਿੱਸਿਆ ਵਿੱਚ ਗੜੇ ਵੀ ਪੈ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ 28 ਅਤੇ 29 ਦਸੰਬਰ ਨੂੰ ਸੰਘਣੀ ਧੁੰਦ ਵੀ ਪੈ ਸਕਦੀ ਹੈ। ਆਉਣ ਵਾਲੇ ਤਿੰਨ ਦਿਨ 27 , 28, 29 ਦਸੰਬਰ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦਸੰਬਰ ਮਹੀਨੇ ਵਿੱਚ ਮੀਂਹ ਦਾ ਰਿਕਾਰਡ ਕਰੀਬ 15.5 ਮਿਲੀ ਹੈ ਅਤੇ ਇਸ ਵਾਰ 2.6 ਮਿਲੀ ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਆਮ ਦਿਨਾਂ ਵਾਂਗ ਚੱਲ ਰਹੇ ਹਨ। ਦਿਨ ਦਾ ਤਾਪਮਾਨ ਲਗਭਗ 21 ਡਿਗਰੀ ਜਦੋਂ ਕਿ ਰਾਤ ਦਾ ਤਾਪਮਾਨ ਲਗਭਗ 7 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਕਾਫੀ ਕਮੀ ਹੋਵੇਗੀ।