ਕੇਂਦਰ ਸਰਕਾਰ ਵਿਰੁੱਧ ਰੋਸ ਮਾਰਚ (ETV BHARAT (ਪੱਤਰਕਾਰ, ਬਰਨਾਲਾ)) ਬਰਨਾਲਾ:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਸੰਘਰਸ਼ੀ ਜੱਥੇਬੰਦੀਆਂ ਵੱਲੋਂ 78ਵੇਂ ਸੁਤੰਤਰਤਾ ਦਿਵਸ 'ਤੇ ਜ਼ਿਲ੍ਹਾ ਬਰਨਾਲਾ ਦੀ ਦਾਣਾ ਮੰਡੀ ਵਿਖੇ ਭਾਰੀ ਇਕੱਠ ਕਰਕੇ ਸ਼ਹਿਰ ਵਿੱਚ ਦੀ ਰੋਸ ਮਾਰਚ ਕਰਕੇ ਕਾਲਾ ਦਿਵਸ ਮਨਾਇਆ ਗਿਆ। ਇਸ ਦੌਰਾਨ ਮਹਿਲਾ ਕਿਸਾਨ ਬੀਬੀਆਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਅੱਜ ਵੀ ਆਜ਼ਾਦ ਨਹੀਂ ਸਗੋਂ ਗੁਲਾਮੀ ਦੀ ਮਾਰ ਝੱਲਦੇ ਹਾਂ ਕਿਉਕਿ ਤਿੰਨ ਨਵੇਂ ਫੌਜਦਾਰੀ ਕਾਨੂੰਨ ਸਮੇਤ ਯੂਏਪੀਏ, ਐਨਐਸਏ ਤੇ ਅਫਸਪਾ ਵਰਗੇ ਕਾਨੂੰਨ ਲਿਆਕੇ ਹੱਕ ਮੰਗਦੇ ਸੰਘਰਸ਼ੀ ਲੋਕਾਂ ਦੀ ਅਵਾਜ਼ ਬੰਦ ਕਰਵਾਉਣ ਲਈ ਲਿਆਂਦੇ ਹਨ ਅਤੇ ਇਨ੍ਹਾਂ ਕਾਨੂੰਨਾਂ ਤਹਿਤ ਲੋਕਾਂ ਦੇ ਖਿਲਾਫ਼ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕਾਂ ਵਿੱਚ ਅਪਣੀ ਕਲਮ ਚਲਾਈ ਹੈ। ਉਹਨਾਂ ਬੁੱਧੀਜੀਵੀਆਂ, ਪੱਤਰਕਾਰ, ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਬਿਨ੍ਹਾਂ ਕਿਸੇ ਵਜ੍ਹਾ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ, ਜਿਹਨਾਂ ਨੂੰ ਰਿਹਾਅ ਕੀਤਾ ਜਾਵੇ। ਉਹਨਾਂ ਕਿਹਾ ਕਿ ਅਧਰੁੰਤੀ ਰਾਏ ਤੇ ਸ਼ੌਕਤ ਹੁਸੈਨ 'ਤੇ ਵੀ ਇੰਨਾਂ ਕਾਨੂੰਨ ਤਹਿਤ ਕੇਸ ਪਾਉਣਾ ਅਤੇ ਜੇਲ੍ਹ ਵਿੱਚ ਬੰਦ ਕਰਨਾ ਬਹੁਤ ਗਲਤ ਹੈ।
ਇਸ ਤੋਂ ਇਲਾਵਾ ਜੋ ਵੱਖ-ਵੱਖ ਜੇਲ੍ਹਾਂ ਵਿੱਚ ਕੈਦੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਉਹਨਾਂ ਕਿਹਾ ਕਿ ਸਾਮਰਾਜ਼ੀ ਮੁਲਕਾਂ ਨਾਲ ਕੀਤੀ ਦੇਸ਼ ਧ੍ਰੋਹੀ ਦੀਆਂ ਸੰਧੀਆਂ 'ਤੇ ਕਾਰਪੋਰੇਟ ਘਰਾਣਿਆਂ ਦੇ ਪੱਖੀਂ ਸਾਰੇ ਕਾਨੂੰਨ ਰੱਦ ਕੀਤੇ ਜਾਣ। ਸੰਸਾਰ ਵਪਾਰ ਸੰਸਥਾ ਸਮੇਤ ਸਾਰੀਆਂ ਸਾਮਰਾਜੀ ਸੰਸਥਾਵਾਂ ਤੋਂ ਭਾਰਤੀ ਹਾਕਮ ਬਾਹਰ ਆਉਣ। ਨਿੱਜੀਕਰਨ, ਵਪਾਰੀਕਰਨ ਦੀਆਂ ਆਰਥਿਕ ਨੀਤੀਆਂ ਰੱਦ ਕੀਤੀਆਂ ਜਾਣ। ਜਦੋਂ ਤੱਕ ਭਾਰਤੀ ਹਾਕਮ ਵੱਲੋਂ ਕਿਸਾਨ, ਮਜ਼ਦੂਰ, ਕੁੱਲ ਵਰਗ ਦੀਆਂ ਉਪਰੋਕਤ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸਾਡੇ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ ਤੇ ਭਾਰਤ ਦੇ ਲੋਕ ਗ਼ੁਲਾਮੀ ਦੀ ਮਾਰ ਝੱਲਦੇ ਰਹਿਣਗੇ।
ਉਹਨਾਂ ਕਿਹਾ ਕਿ ਕੁੱਲ ਲੋਕਾਈ ਆਪਣੇ ਹੱਕਾਂ ਲਈ ਜਾਗਰੂਕ ਹੋ ਗਈ ਹੈ। ਭਾਰਤੀ ਹਾਕਮ ਲੋਕਾਂ ਦੇ ਜੋਸ਼ ਭਰੇ ਰੋਅਬ ਦਾ ਸਾਮਣਾ ਕਰਨ ਲਈ ਤਿਆਰ ਹੋ ਜਾਣ। ਕੁੱਲ ਲੋਕਾਈ ਨੂੰ ਜਾਗ੍ਰਿਤ ਹੋਕੇ ਹੀ ਭਾਰਤੀ ਹਾਕਮਾਂ ਵਿਰੁੱਧ ਸੰਘਰਸ਼ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ ਜਾ ਸਕਦਾ ਹੈ। ਇਸ ਮੌਕੇ ਕਿਸਾਨਾਂ ਤੋਂ ਇਲਾਵਾ ਹੋਰ ਵੱਖ-ਵੱਖ ਜਥੇਬੰਦੀਆਂ ਵੀ ਹਾਜ਼ਰ ਸਨ।