ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਸਾਰੇ ਹੀ ਪੰਜਾਬ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿੱਚ 21 ਮਈ ਤੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਕਈ ਸਕੂਲ ਅਜਿਹੇ ਹਨ ਜਿਨਾਂ ਨੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ। ਛੁੱਟੀਆਂ ਦਾ ਐਲਾਨ ਹੋਣ ਦੇ ਬਾਵਜੂਦ ਇਹ ਸਕੂਲ ਖੁੱਲ੍ਹੇ ਰਹੇ। ਅੱਜ ਵੀ ਲੁਧਿਆਣਾ ਦੇ ਪੰਜਾਬੀ ਬਾਗ ਇਲਾਕੇ 'ਚ ਇਕ ਨਿੱਜੀ ਸਕੂਲ ਨੇ ਵਿਦਿਆਰਥੀਆਂ ਨੂੰ ਸਕੂਲ ਬੁਲਾਇਆ ਹੈ ਜੋਕਿ ਮੀਡੀਆ ਦੇ ਕੈਮਰੇ 'ਚ ਕੈਦ ਹੋ ਗਿਆ। ਹਾਲਾਂਕਿ ਜਦੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ਸਕੂਲ ਲੱਗਣ ਕਿਉਂਕਿ ਬੱਚੇ ਘਰ 'ਚ ਬੈਠਦੇ ਨਹੀਂ ਹਨ ਤੇ ਬਾਹਰ ਗਰਮੀ 'ਚ ਖੇਡਦੇ ਹਨ।
ਮਾਪੇ ਚਾਹੁੰਦੇ ਸਕੂਲ ਖੁੱਲ੍ਹਣ: ਇਸ ਸਕੂਲ ਦੇ ਚੌਂਕੀਦਾਰ ਨੂੰ ਜਦੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਿਰਫ 5ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਨੂੰ ਛੁੱਟੀਆਂ ਦਾ ਕੰਮ ਦਿੱਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਕੱਲ੍ਹ ਸਕੂਲ ਲੱਗਿਆ ਸੀ। ਉੱਧਰ ਦੂਜੇ ਪਾਸੇ ਸਕੂਲ 'ਚ ਵਿਦਿਆਰਥੀਆਂ ਨੂੰ ਭੇਜਣ ਵਾਲੀ ਇਕ ਬੱਚੇ ਦੀ ਮਾਂ ਨੇ ਕਿਹਾ ਕਿ ਅਸੀਂ ਖੁਦ ਚਾਹੁੰਦੇ ਹਾਂ ਕਿ ਛੁੱਟੀ ਨਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਕੰਮਾਂ ਕਾਰਾਂ ਵਾਲੇ ਹਾਂ, ਕੰਮ ਦੇ ਕਰਕੇ ਬਾਹਰ ਜਾਣਾ ਪੈਂਦਾ ਹੈ ਜਦੋਂ ਕਿ ਬੱਚੇ ਘਰ 'ਚ ਛੁੱਟੀਆਂ ਦੇ ਦੌਰਾਨ ਗਰਮੀ 'ਚ ਖੇਡਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬੱਚੇ ਸਕੂਲ 'ਚ ਹੀ ਠੀਕ ਹਨ।