ਲੁਧਿਆਣਾ :ਲੁਧਿਆਣਾ 'ਚ ਅੱਜ ਭਾਜਪਾ ਮਹਿਲਾ ਵਿੰਗ ਦੀ ਪ੍ਰਧਾਨ ਜੈਇੰਦਰ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ 'ਆਪ' ਸਰਕਾਰ 'ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਜੈਇੰਦਰ ਕੌਰ ਨੇ ਕਿਹਾ ਕਿ ਦਿੱਲੀ ਦੇ ਵਿੱਚ ਵੀ 2100 ਰੁਪਏ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਕੀਤਾ ਹੈ। ਪਰ ਇਸ ਨੂੰ ਲੈ ਕੇ ਉਹ ਦਿੱਲੀ ਦੀਆਂ ਮਹਿਲਾਵਾਂ ਨੂੰ ਜਾਗਰੂਕ ਕਰਨਗੇ। ਇਹੀ ਨਹੀਂ ਕਿਸਾਨਾਂ ਦੇ ਮਾਮਲੇ ਸਮੇਤ ਪੰਜਾਬ ਦੀਆਂ ਮਹਿਲਾਵਾਂ ਦੀ ਕਾਮਯਾਬੀ ਲਈ ਉਨ੍ਹਾਂ ਨੇ ਕਿਹਾ ਕਿ ਇਸ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਪੰਜਾਬ ਦੇ ਵਿੱਚ ਵੀ ਮਹਿਲਾਵਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਨ ਵਿੱਚ ਮਦਦ ਕੀਤੀ ਜਾਵੇਗੀ।
ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਖੜੇ ਕੀਤੇ ਸਵਾਲ
ਇਸ ਦੌਰਾਨ ਜੈਇੰਦਰ ਕੌਰ ਨੇ ਕਿਹਾ ਕਿ ਅਸੀਂ ਸਮੇਂ-ਸਮੇਂ ਸਿਰ ਲੋਕਾਂ ਦੇ ਮੁੱਦੇ ਵੀ ਚੁੱਕਦੇ ਰਹਿੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਦੁਰਾਹ ਦੇ ਵਿੱਚ ਵੀ ਧਰਨਾ ਪ੍ਰਦਰਸ਼ਨ ਕੀਤਾ ਸੀ। ਜੈਇੰਦਰ ਕੌਰ ਨੇ ਕਿਹਾ ਕਿ ਉੱਥੇ ਇੱਕ ਹਸਪਤਾਲ ਬਣ ਕੇ ਤਿਆਰ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਨੂੰ ਚਲਾ ਨਹੀਂ ਰਹੀ ਜਦੋਂ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਤਾਂ ਸਾਨੂੰ ਦੋ ਦਿਨ ਦੇ ਵਿੱਚ ਹਸਪਤਾਲ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਉਹ ਸ਼ੁਰੂ ਨਹੀਂ ਕੀਤਾ। ਉਨ੍ਹਾਂ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਹਨ।