ਚੰਡੀਗੜ੍ਹ:ਤੇਜ਼ ਰਫਤਾਰ ਵਾਹਨ ਚਲਾਉਣ ਵਾਲੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੁਣ ਸਾਵਧਾਨ ਹੋ ਜਾਣ, ਕਿਉਂਕਿਪੰਜਾਬ ਵਿੱਚਹੁਣ ਇਸ ਤਰ੍ਹਾਂ ਦੀਆਂ ਅਣਗਹਿਲੀਆਂ ਕਰਨ ਵਾਲਿਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਲਈ 26 ਜਨਵਰੀ ਤੋਂ ਹੁਣ ਈ-ਚਲਾਨ ਲਾਗੂ ਕੀਤੇ ਜਾਣਗੇ। ਇਸ ਲਈ ਪੰਜਾਬ ਪੁਲਿਸ ਨੇ ਪੰਜ ਹਜ਼ਾਰ ਬਾਡੀ ਵੀਅਰ ਖਰੀਦਣ ਦਾ ਫੈਸਲਾ ਕੀਤਾ ਹੈ। ਇਹ ਪ੍ਰਕਿਰਿਆ ਅਗਲੇ ਦੋ ਤੋਂ ਤਿੰਨ ਮਹੀਨਿਆਂ ਵਿੱਚ ਪੂਰੀ ਹੋ ਜਾਵੇਗੀ। ਇਸ ਤੋਂ ਇਲਾਵਾ, ਪੁਲਿਸ ਓਵਰਸਪੀਡ ਡਰਾਈਵਰਾਂ ਨਾਲ ਨਜਿੱਠਣ ਲਈ ਸਪੀਡ ਗਨ ਦੀ ਵਰਤੋਂ ਕਰੇਗੀ। ਜਦੋਂ ਕਿ ਜਲੰਧਰ, ਮੋਹਾਲੀ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਕੈਮਰੇ ਲਗਾਉਣ ਦਾ ਪ੍ਰੋਜੈਕਟ ਪੂਰਾ ਹੋ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ 26 ਜਨਵਰੀ ਤੋਂ ਈ-ਚਲਾਨ ਪ੍ਰਣਾਲੀ ਲਾਗੂ ਕੀਤੀ ਜਾਵੇਗੀ।
ਆਡੀਓ-ਵੀਡੀਓ ਰਿਕਾਰਡ ਕਰ ਸਕੇਗਾ
ਦੱਸਣਯੋਗ ਹੈ ਪਹਿਲੇ ਪੜਾਅ ਵਿੱਚ, ਪੁਲਿਸ ਵੱਲੋਂ ਸੜਕ ਸੁਰੱਖਿਆ ਬਲ ਲਈ 144 ਕੈਮਰੇ ਖਰੀਦੇ ਗਏ ਸਨ। ਜਿਸ ਦੇ ਨਤੀਜੇ ਬਹੁਤ ਵਧੀਆ ਰਹੇ ਹਨ। ਇਸ ਤੋਂ ਬਾਅਦ 23 ਜ਼ਿਲ੍ਹਿਆਂ ਲਈ 5 ਹਜ਼ਾਰ ਕੈਮਰੇ ਖਰੀਦਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਕੈਮਰਿਆਂ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਹ ਆਡੀਓ ਅਤੇ ਵੀਡੀਓ ਰਿਕਾਰਡ ਕਰਨ ਦੇ ਸਮਰੱਥ ਹੋਣਗੇ। ਇਹ ਕੈਮਰਾ ਟ੍ਰੈਫਿਕ ਕੰਟਰੋਲ ਰੂਮ ਨਾਲ ਜੁੜਿਆ ਹੋਵੇਗਾ। ਇਸ ਦੇ ਨਾਲ ਹੀ, ਡਿਊਟੀ ਦੌਰਾਨ ਕੈਮਰਾ ਚਾਲੂ ਕਰਨਾ ਜ਼ਰੂਰੀ ਹੋਵੇਗਾ। ਇਸ ਤੋਂ ਪਹਿਲਾਂ ਮੋਹਾਲੀ ਸਮੇਤ ਕੁਝ ਜ਼ਿਲ੍ਹਿਆਂ ਵਿੱਚ ਕੈਮਰਿਆਂ ਦਾ ਪਾਇਲਟ ਪ੍ਰੋਜੈਕਟ ਚਲਾਇਆ ਗਿਆ ਸੀ। ਜਿਸਦਾ ਨਤੀਜਾ ਕਾਫ਼ੀ ਵਧੀਆ ਰਿਹਾ।
ਚੰਡੀਗੜ੍ਹ ਦੀ ਰਾਹ 'ਤੇ ਪੰਜਾਬ
ਜ਼ਿਕਰਯੋਗ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਪਹਿਲਾਂ ਤੋਂ ਹੀ ਈ ਚਲਾਨ ਕਰਕੇ ਲੋਕਾਂਂ ਨੂੰ ਨਿਯਮ ਤੋੜਣ ਤੋਂ ਵਰਜਿਆ ਜਾਂਦਾ ਹੈ । ਉਥੇ ਹੀ ਹੁਣ ਚੰਡੀਗੜ੍ਹ ਦੀ ਤਰਜ਼ ’ਤੇ ਹੁਣ ਪੰਜਾਬ ’ਚ ਵੀ ਆਨਲਾਈਨ ਚਲਾਨ ਕੀਤੇ ਜਾਣਗੇ। ਇਹ ਪ੍ਰਣਾਲੀ ਪੰਜਾਬ ਦੇ ਚਾਰ ਸ਼ਹਿਰਾਂ ਵਿੱਚ 26 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਨ੍ਹਾਂ ਸ਼ਹਿਰਾਂ ਵਿੱਚ ਮੁਹਾਲੀ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਸ਼ਾਮਲ ਹਨ। ਟਰੈਫਿਕ ਸਿਗਨਲਾਂ ’ਤੇ ਲਾਏ ਗਏ ਸੀਸੀਟੀਵੀ ਕੈਮਰਿਆਂ ਦਾ ਟ੍ਰਾਇਲ ਪੂਰਾ ਹੋ ਗਿਆ ਹੈ। ਇਸ ਲਈ ਇਨ੍ਹਾਂ ਸ਼ਹਿਰਾਂ ’ਚ 26 ਜਨਵਰੀ ਤੋਂ ਇਹ ਪ੍ਰਣਾਲੀ ਲਾਗੂ ਕਰ ਦਿੱਤੀ ਜਾਵੇਗੀ। ਹੁਣ ਇਨ੍ਹਾਂ ਸ਼ਹਿਰਾਂ ’ਚ ਟਰੈਫਿਕ ਵਿਵਸਥਾ ਟਰੈਫਿਕ ਪੁਲਿਸ ਦੇ ਨਾਲ-ਨਾਲ ਇਨ੍ਹਾਂ ਕੈਮਰਿਆਂ ਦੀ ਨਿਗਰਾਨੀ ’ਚ ਰਹੇਗੀ। ਇਨ੍ਹਾਂ ਸਾਰੇ ਸ਼ਹਿਰਾਂ ਵਿੱਚ ਕੈਮਰਿਆਂ ਲਈ ਕੰਟਰੋਲ ਰੂਮ ਬਣਾਏ ਗਏ ਹਨ, ਜਿੱਥੇ ਟਰੈਫਿਕ ਪੁਲੀਸ ਮੁਲਾਜ਼ਮ 24 ਘੰਟੇ ਨਿਗਰਾਨੀ ਕਰਨਗੇ। ਇੱਥੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਤਿਆਰ ਕੀਤੇ ਜਾਣਗੇ ਅਤੇ ਡਾਕ ਰਾਹੀਂ ਘਰ ਪਹੁੰਚਾਏ ਜਾਣਗੇ।