ਅੰਮ੍ਰਿਤਸਰ:ਦੀਵਾਲੀ ਤੋਂ ਬਾਅਦ ਦੀ ਸਵੇਰ ਨੂੰ ਪੰਜਾਬ ਦੇ ਵੱਡੇ ਸ਼ਹਿਰਾਂ ਦੀ ਇੱਕ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ, ਕਿਉਂਕਿ ਰਾਜ ਭਰ ਦੇ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਦਰਜ ਕੀਤੇ ਗਏ ਹਨ, ਇਹ ਅਸੀਂ ਨਹੀਂ ਬਲਕਿ ਏਅਰ ਕੁਆਲਿਟੀ ਇੰਡੈਕਸ ਦੇ ਅੰਕੜੇ ਕਹਿ ਰਹੇ ਹਨ।
ਪਟਾਕਿਆਂ ਦੀ ਵਰਤੋਂ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਸਰਕਾਰ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਪ੍ਰਦੂਸ਼ਣ ਦਾ ਪੱਧਰ "ਬਹੁਤ ਮਾੜੀ" ਅਤੇ "ਗੰਭੀਰ" ਸ਼੍ਰੇਣੀਆਂ ਵਿੱਚ ਵਧਿਆ ਹੋਇਆ ਹੈ। ਕੁਝ ਖੇਤਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 500 ਤੋਂ ਵੱਧ ਹੋ ਗਈ ਹੈ।
ਉਲੇਖਯੋਗ ਹੈ ਕਿ ਕਈ ਸ਼ਹਿਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ ਖਤਰਨਾਕ ਪੱਧਰ 'ਤੇ ਪਹੁੰਚ ਗਿਆ, ਜਿਸ ਵਿੱਚ ਅੰਮ੍ਰਿਤਸਰ ਦਾ ਨਾਂਅ ਪਹਿਲੇ ਨੰਬਰ ਉਤੇ ਹੈ। ਹੁਣ ਇਸ ਸਭ ਦੇ ਕਾਰਨ ਆਮ ਲੋਕਾਂ ਨੂੰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵਿੱਚ ਸਾਹ ਦੀ ਤਕਲੀਫ਼, ਅੱਖਾਂ 'ਚ ਜਲਨ ਅਤੇ ਛਾਤੀ ਦੇ ਰੋਗ ਵਰਗੇ ਕਈ ਰੋਗ ਦੇਖੇ ਜਾ ਰਹੇ ਹਨ।
ਉੱਥੇ ਹੀ ਸਾਡੀ ਟੀਮ ਅੰਮ੍ਰਿਤਸਰ ਦੇ ਟੀਬੀ ਹਸਪਤਾਲ ਵਿੱਚ ਪੁੱਜੀ ਅਤੇ ਡਾਕਟਰਾਂ ਦਾ ਗੱਲਬਾਤ ਕੀਤੀ। ਇਸ ਦੌਰਾਨ ਡਾਕਟਰਾਂ ਨੇ ਕਿਹਾ ਕਿ ਹਵਾ ਪ੍ਰਦੂਸ਼ਿਤ ਹੋਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀਆਂ ਅੱਖਾਂ ਦੇ ਵਿੱਚ ਜਲਨ ਹੋ ਰਹੀ ਹੈ ਅਤੇ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਐਲਰਜ਼ੀ ਵੀ ਹੋ ਰਹੀ ਹੈ।
ਲੋਕਾਂ ਨੂੰ ਸੁਝਾਅ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪ ਹੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ।