ਚੰਡੀਗੜ੍ਹ: ਬੰਗਾਲ 'ਚ ਸੰਦੇਸ਼ਖਾਲੀ ਮੁੱਦੇ 'ਤੇ ਟੀਐੱਮਸੀ ਅਤੇ ਭਾਜਪਾ ਵਿਚਾਲੇ ਟਕਰਾਅ ਚੱਲ ਰਿਹਾ ਹੈ। ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਸੰਦੇਸ਼ਖਾਲੀ ਗਏ। ਜਿਸ ਦੌਰਾਨ ਕਈ ਭਾਜਪਾ ਆਗੂ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ। ਇਸ ਦੌਰਾਨ ਮਾਹੌਲ ਤਲਖੀ ਭਰਿਆ ਬਣ ਗਿਆ ਤਾਂ ਭਾਜਪਾ ਆਗੂ ਅਤੇ ਪੁਲਿਸ ਅਧਿਕਾਰੀਆਂ ਵਿਚਾਲੇ ਤਕਰਾਰ ਹੁੰਦੀ ਵੀ ਦੇਖੀ ਗਈ। ਜਿਸ ਦੌਰਾਨ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਨੂੰ ਪਾਸ ਕੀਤੀਆਂ ਟਿੱਪਣੀਆਂ 'ਤੇ ਸਵਾਲ ਚੁੱਕਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਕਹਿੰਦੇ ਹਨ, 'ਮੈਂ ਪੱਗ ਬੰਨ੍ਹੀ ਹੋਈ ਹੈ, ਸਿਰਫ਼ ਇਸ ਲਈ ਤੁਸੀਂ ਮੈਨੂੰ ਖਾਲਿਸਤਾਨੀ ਕਰਾਰ ਦੇ ਰਹੇ ਹੋ। ਜੇ ਮੈਂ ਪੱਗ ਨਾ ਬੰਨ੍ਹੀ ਹੁੰਦੀ ਤਾਂ ਕੀ ਤੁਸੀਂ ਅਜਿਹੀ ਗੱਲ ਕਹਿ ਸਕਦੇ ਸੀ?
ਮੁੱਖ ਮੰਤਰੀ ਮਾਨ ਨੇ ਚੁੱਕੇ ਸਵਾਲ: ਉਧਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਵੀ ਸਿਆਸਤ ਗਰਮਾ ਗਈ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਲੀਡਰਾਂ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਇਸ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ ਕਿ, 'ਬੰਗਾਲ ਦੇ ਸਿੱਖ IPS ਅਫਸਰ ਨੂੰ ਭਾਜਪਾ ਦੇ ਨੇਤਾ ਵੱਲੋਂ ਦੇਸ਼ ਵਿਰੋਧੀ ਕਹਿਣਾ ਬਹੁਤ ਹੀ ਨਿੰਦਣਯੋਗ ਹੈ ..ਸ਼ਾਇਦ ਭਾਜਪਾ ਨੂੰ ਪਤਾ ਨਹੀਂ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਅੱਜ ਤੱਕ ਆਜ਼ਾਦੀ ਨੂੰ ਕਾਇਮ ਰੱਖਣ 'ਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ..ਭਾਜਪਾ ਨੂੰ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ।'
ਫਿਰਕੂ ਭਾਵਨਾਵਾਂ ਨੂੰ ਭੜਕਾਉਣ ਦੀ ਨਿੰਦਣਯੋਗ ਕਾਰਵਾਈ : ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਕਸ 'ਤੇ ਲਿਖਿਆ ਕਿ, 'ਮੈਂ ਕੱਲ੍ਹ ਪੱਛਮੀ ਬੰਗਾਲ ਵਿੱਚ ਇੱਕ ਸਿੱਖ ਪੁਲਿਸ ਅਧਿਕਾਰੀ ਵਿਰੁੱਧ ਵੱਖਵਾਦੀ ਟਿੱਪਣੀਆਂ ਕਰਕੇ ਫਿਰਕੂ ਭਾਵਨਾਵਾਂ ਨੂੰ ਭੜਕਾਉਣ ਦੀ ਨਿੰਦਣਯੋਗ ਕਾਰਵਾਈ ਦੀ ਸਖ਼ਤ ਨਿੰਦਾ ਕਰਦਾ ਹਾਂ। ਦਸਤਾਰ ਸਾਡੀ ਪਹਿਚਾਣ ਹੈ ਅਤੇ ਇਹ ਸਾਨੂੰ ਸਾਡੇ ਮਹਾਨ ਗੁਰੂ ਸਾਹਿਬਾਨ ਨੇ ਬਖਸ਼ੀ ਹੈ। ਇਹ ਹਮੇਸ਼ਾ ਸਾਡੇ ਦੇਸ਼ ਭਗਤੀ ਦੇ ਅਥਾਹ ਉਤਸ਼ਾਹ ਦਾ ਪ੍ਰਤੀਕ ਰਹੀ ਹੈ। ਇਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਅਤੇ ਦੇਸ਼ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਰਕਤਾਂ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।'