ਬਰਨਾਲਾ:ਬਰਨਾਲਾ ਵਿਖੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਆਪ' ਉਮੀਦਵਾਰ ਹਰਿੰਦਰ ਧਾਲੀਵਾਲ ਦੇ ਹੱਕ 'ਚ ਰੈਲੀ ਕਰਨ ਪੁੱਜੇ ਸਨ। ਇਸ ਰੈਲੀ ਦੌਰਾਨ ਪ੍ਰਦਰਸ਼ਨ ਕਰਨ ਪਹੁੰਚੇ ਬੇਰੁਜ਼ਗਾਰ ਪੁਲਿਸ ਵਲੋਂ ਹਿਰਾਸਤ ਵਿੱਚ ਲਏ ਗਏ। ਜਿਹਨਾਂ ਨੂੰ ਰੈਲੀ ਤੋਂ ਬਾਅਦ ਰਿਹਾਅ ਕੀਤਾ ਗਿਆ। ਪੁਲਿਸ ਵਲੋਂ ਰਿਹਾਅ ਕਰਨ ਤੋਂ ਬਾਅਦ ਬੇਰੁਜ਼ਗਾਰਾਂ ਵਲੋਂ ਆਪ ਸੰਸਦ ਮੈਂਬਰ ਮੀਤ ਹੇਅਰ ਦੀ ਕੋਠੀ ਨੇੜੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਕੇਜਰੀਵਾਲ ਦੀ ਰੈਲੀ ਤੋਂ ਪਹਿਲਾਂ ਪੁਲਿਸ ਨੇ ਹਿਰਾਸਤ ਵਿੱਚ ਲਏ ਬੇਰੁਜ਼ਗਾਰ (ETV BHARAT) ਅਕਾਲੀ-ਕਾਂਗਰਸੀਆਂ ਨੂੰ ਵੀ ਪਿੱਛੇ ਛੱਡ ਗਈ 'ਆਪ'
ਇਸ ਮੌਕੇ ਗੱਲਬਾਤ ਕਰਦਿਆਂ ਬੇਰੁਜ਼ਗਾਰ ਸਾਂਝਾ ਮੋਰਚਾ ਫ਼ਰੰਟ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਅੱਜ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਨੇ ਬਹੁਤ ਖਾਸ ਰੂਪ ਬਣਾਇਆ ਹੈ। ਅੱਜ ਬਰਨਾਲਾ ਵਿੱਚ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰੈਲੀ ਕੀਤੀ ਗਈ। ਜਿਸ ਦੌਰਾਨ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰਨ ਵਾਲੇ ਬੇਰੁਜ਼ਗਾਰਾਂ ਨਾਲ ਧੱਕਾ ਕੀਤਾ ਗਿਆ ਹੈ। ਬਦਲਾਅ ਦੇ ਨਾਮ 'ਤੇ ਸੱਤਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਕਾਲੀ-ਕਾਂਗਰਸੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਬੇਰੁਜ਼ਗਾਰਾਂ ਨੂੰ ਕਈ ਘੰਟੇ ਹਿਰਾਸਤ 'ਚ ਰੱਖਿਆ
ਉਹਨਾਂ ਕਿਹਾ ਕਿ ਬੇਰੁਜ਼ਗਾਰਾਂ ਨੂੰ ਪੁਲਿਸ ਵਲੋਂ ਰੈਲੀ ਤੋਂ ਪਹਿਲਾਂ ਹੀ ਥਾਣਿਆਂ ਵਿੱਚ ਡੱਕਿਆ ਗਿਆ। ਉਹਨਾਂ ਨੂੰ ਸੀਆਈਏ ਸਟਾਫ਼ ਅਤੇ ਥਾਣਾ ਸਿਟੀ ਬਰਨਾਲਾ ਵਿਖੇ ਹਿਰਾਸਤ ਵਿੱਚ ਰੱਖਿਆ ਗਿਆ। ਕੇਜਰੀਵਾਲ ਦੀ ਰੈਲੀ ਤੋਂ ਬਾਅਦ ਬੇਰੁਜ਼ਗਾਰਾਂ ਨੂੰ ਕਈ ਘੰਟੇ ਬਾਅਦ ਰਿਹਾਅ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਜਿਹੜਾਂ ਕੁੱਝ ਪਟਿਆਲਾ ਅਤੇ ਬਠਿੰਡਾ ਵਿਖੇ ਬੇਰੁਜ਼ਗਾਰਾਂ ਨਾਲ ਕੀਤਾ ਜਾਂਦਾ ਸੀ, ਉਹੀ ਕੁੱਝ ਅੱਜ ਬਰਨਾਲਾ ਵਿਖੇ ਸਾਡੇ ਨਾਲ ਧੱਕਾ ਕੀਤਾ ਗਿਆ।
ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ 'ਚ ਫ਼ੇਲ੍ਹ ਹੋਈ ਸਰਕਾਰ
ਉਹਨਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਟੈਂਕੀਆਂ ਉਪਰ ਪਹੁੰਚ ਕੇ ਭਗਵੰਤ ਮਾਨ ਵਾਅਦਾ ਕਰਦੇ ਸੀ ਕਿ ਉਹਨਾਂ ਦੀ ਸਰਕਾਰ ਬਣਨ 'ਤੇ ਅਜਿਹੇ ਹਾਲਾਤ ਨਹੀਂ ਬਣਨਗੇ। ਉਹਨਾਂ ਕਿਹਾ ਕਿ ਸਰਕਾਰ ਦੇ 32 ਮਹੀਨਿਆਂ ਵਿੱਚ ਆਪ ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਵਿੱਚ ਇੱਕ ਵੀ ਪੋਸਟ ਨਹੀਂ ਕੱਢੀ ਗਈ। ਪੰਜਾਬ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ 'ਚ ਫ਼ੇਲ੍ਹ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਵਿੱਚ ਆ ਕੇ ਡਰਾਮਾ ਕਰ ਰਿਹਾ ਹੈ, ਜਿਸ ਦਾ ਪੰਜਾਬ ਦੇ ਲੋਕ ਮੂੰਹ ਤੋੜਵਾਂ ਜਵਾਬ ਦੇਣਗੇ।