ਚੰਡੀਗੜ੍ਹ: ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦੇ ਚੀਫ਼ ਵ੍ਹਿਪ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਿਕਰਮਜੀਤ ਸਿੰਘ ਪੰਜਾਬ ਦੇ ਫਿਲੌਰ ਤੋਂ ਕਾਂਗਰਸੀ ਵਿਧਾਇਕ ਹਨ। ਚੌਧਰੀ ਜਲੰਧਰ ਲੋਕ ਸਭਾ ਸੀਟ ਤੋਂ ਸਾਬਕਾ ਸੀਐਮ ਚਰਨਜੀਤ ਚੰਨੀ ਦੀ ਉਮੀਦਵਾਰੀ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਆਪਣਾ ਅਸਤੀਫਾ ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਭੇਜ ਦਿੱਤਾ ਹੈ। ਇਹ ਵੀ ਚਰਚਾ ਹੈ ਕਿ ਉਹ ਜਲਦੀ ਹੀ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ।
ਜਲੰਧਰ ਲੋਕ ਸਭਾ ਸੀਟ: ਵਿਕਰਮਜੀਤ ਸਿੰਘ ਮਰਹੂਮ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਪੁੱਤਰ ਹਨ। ਸੰਤੋਖ ਸਿੰਘ ਦੀ ਪਿਛਲੇ ਸਾਲ ਜਨਵਰੀ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਪੰਜਾਬ ਦੀ ਜਲੰਧਰ ਲੋਕ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ 'ਚ ਕਾਂਗਰਸ ਨੇ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਇਆ ਸੀ ਪਰ ਕਰਮਜੀਤ ਕੌਰ ਚੌਧਰੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਦਲਿਤ ਵੋਟ ਬੈਂਕ:ਚਰਨਜੀਤ ਸਿੰਘ ਚੰਨੀ ਵੀ ਜਲੰਧਰ ਸੀਟ 'ਤੇ ਦਾਅਵਾ ਕਰ ਰਹੇ ਹਨ ਕਿਉਂਕਿ ਦੋਆਬਾ ਖੇਤਰ 'ਚ ਸਭ ਤੋਂ ਵੱਧ 33 ਫੀਸਦੀ ਦਲਿਤ ਵੋਟਾਂ ਹਨ। ਉਹ ਆਪਣੇ ਆਪ ਨੂੰ ਇੱਕ ਵੱਡੇ ਦਲਿਤ ਆਗੂ ਵਜੋਂ ਪੇਸ਼ ਕਰਦੇ ਹਨ। ਜੇਕਰ ਉਹ ਚੋਣ ਮੈਦਾਨ ਵਿੱਚ ਉਤਰਦੇ ਹਨ ਤਾਂ ਪਾਰਟੀ ਨੂੰ ਹੁਸ਼ਿਆਰਪੁਰ ਸਮੇਤ ਹੋਰ ਸੀਟਾਂ 'ਤੇ ਲਾਭ ਮਿਲ ਸਕਦਾ ਹੈ। ਇਸ ਦੇ ਲਈ ਚੰਨੀ ਵੀ ਜ਼ੋਰ ਲਗਾਉਣ 'ਚ ਲੱਗੇ ਹੋਏ ਹਨ।
ਚੰਨੀ ਉੱਤੇ ਤੰਜ:ਸਾਬਕਾ ਸੀਐੱਮ ਚਰਨਜੀਤ ਚੰਨੀ ਦੇ ਜਨਮ ਦਿਨ 'ਤੇ ਕੇਕ ਕੱਟਿਆ ਗਿਆ ਸੀ। ਜਿਸ 'ਤੇ ਲਿਖਿਆ ਸੀ 'ਸਾਡਾ ਚੰਨੀ ਜਲੰਧਰ'। ਇਹ ਕੇਕ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਕ ਕੋਟਲੀ ਲਿਆਏ ਸਨ। ਇਸ ਕਾਰਨ ਚੰਨੀ ਵੱਲੋਂ ਜਲੰਧਰ ਤੋਂ ਲੋਕ ਸਭਾ ਚੋਣ ਲੜਨ ਦਾ ਦਾਅਵਾ ਕੀਤਾ ਜਾ ਰਿਹਾ ਸੀ। ਇਸ ਦਾ ਜਵਾਬ ਦਿੰਦਿਆਂ ਵਿਕਰਮਜੀਤ ਚੌਧਰੀ ਨੇ ਕਿਹਾ ਕਿ ਚੰਨੀ ਬਹੁਤ ਵੱਡੇ ਕਲਾਕਾਰ ਹਨ। ਉਹ ਆਪਣੇ ਭਾਸ਼ਣਾਂ ਵਿੱਚ ਕਹਿੰਦੇ ਹਨ, ਅਜਿਹਾ ਕੁਝ ਨਹੀਂ ਹੈ ਜੋ ਉਹ ਨਹੀਂ ਕਰ ਸਕਦੇ। ਕੇਕ ਲੈਕੇ ਜਾਣ ਵਾਲਿਆਂ ਨੂੰ ਚੰਨੀ ਨੇ ਅਪ੍ਰੈਲ ਫੂਲ ਬਣਾਇਆ ਕਿਉਂਕਿ ਕੇਕ 'ਤੇ ਜਲੰਧਰ ਲਿਖਿਆ ਹੋਵੇ ਤਾਂ ਕਾਂਗਰਸ ਪਾਰਟੀ ਟਿਕਟ ਨਹੀਂ ਦਿੰਦੀ।