ਬਠਿੰਡਾ: ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਹਰ ਮਨੁੱਖ ਆਪਣੇ ਬਾਰੇ ਸੋਚਦਾ ਹੈ ਪਰ ਬਠਿੰਡਾ ਦੇ ਸਭ ਤੋਂ ਰੁਝੇ ਰਹਿਣ ਵਾਲੇ ਪੈਟਰੋਲ ਪੰਪ ਮਾਲਕ ਵੱਲੋਂ ਸੁਣਨ ਅਤੇ ਬੋਲਣ ਤੋਂ ਅਸਮਰਥ ਨੌਜਵਾਨਾਂ ਲਈ ਇੱਕ ਵੱਖਰਾ ਉਪਰਾਲਾ ਕੀਤਾ ਹੈ, ਜਿਸ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ।
ਸੁਣਨ ਅਤੇ ਬੋਲਣ ਤੋਂ ਅਸਮਰਥ ਨੌਜਵਾਨਾਂ ਲਈ ਵੱਖਰਾ ਉਪਰਾਲਾ (ETV BHARAT) ਸੁਣਨ ਅਤੇ ਬੋਲਣ ਤੋਂ ਅਸਮਰਥ ਨੌਜਵਾਨਾਂ ਲਈ ਖਾਸ ਟ੍ਰੇਨਿੰਗ
ਇਸ ਸਬੰਧੀ ਮੀਨਾਕਸ਼ੀ ਇੰਟਰਪ੍ਰਾਈਜਰ ਪੈਟਰੋਲ ਪੰਪ ਦੇ ਮਾਲਕ ਆਕਾਸ਼ ਭਾਰਗਵ ਨੇ ਦੱਸਿਆ ਕਿ ਉਹਨਾਂ ਦਾ ਪੰਪ ਭਾਰਤ ਪੈਟਰੋਲੀਅਮ ਕੰਪਨੀ ਦਾ ਪੰਪ ਹੈ। ਕੰਪਨੀ ਵੱਲੋਂ ਪਿਛਲੇ ਸਾਲ ਸੁਣਨ ਅਤੇ ਬੋਲਣ ਤੋਂ ਅਸਮਰਥ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਮਾਜ ਸੇਵੀ ਸੰਸਥਾ ਰਾਹੀਂ ਉਹਨਾਂ ਪਾਸ ਕੁਝ ਨੌਜਵਾਨਾਂ ਨੂੰ ਟ੍ਰੇਨਿੰਗ ਲਈ ਭੇਜਿਆ ਗਿਆ ਸੀ। ਲੁਧਿਆਣੇ ਦੀ ਸਮਾਜ ਸੇਵੀ ਸੰਸਥਾ ਵੱਲੋਂ ਸੱਤ ਨੌਜਵਾਨ ਉਹਨਾਂ ਪਾਸ ਟ੍ਰੇਨਿੰਗ ਲਈ ਭੇਜੇ ਸਨ, ਜੋ ਕਿ ਪੈਟਰੋਲ ਪੰਪ ਉੱਪਰ ਤੇਲ ਪਾਉਣ, ਗੱਡੀਆਂ ਦੇ ਸ਼ੀਸ਼ੇ ਸਾਫ ਕਾਰਨ ਅਤੇ ਟਾਇਰਾਂ ਵਿੱਚ ਹਵਾ ਭਰਨ ਦੀ ਟ੍ਰੇਨਿੰਗ ਲਈ ਆਏ ਸਨ। ਇੰਨਾਂ ਵਿੱਚੋਂ ਤਿੰਨ ਨੌਜਵਾਨ ਅੱਜ ਵੀ ਉਹਨਾਂ ਦੇ ਪੈਟਰੋਲ ਪੰਪ ਉੱਪਰ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੇ ਹਨ।
ਸ਼ੁਰੂ 'ਚ ਨੌਜਵਾਨਾਂ ਨੂੰ ਆਈ ਦਿੱਕਤ
ਉਹਨਾਂ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸੁਣਨ ਅਤੇ ਬੋਲਣ ਤੋਂ ਅਸਮਰਥ ਇਹਨਾਂ ਨੌਜਵਾਨਾਂ ਤੋਂ ਕਈ ਵਾਰ ਪੈਸੇ ਜਾਂ ਤੇਲ ਘੱਟ ਵੱਧ ਦਿੱਤਾ ਜਾਂਦਾ ਸੀ। ਜਿਸ ਕਾਰਨ ਗਾਹਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਪਰ ਹੌਲੀ-ਹੌਲੀ ਹੁਣ ਇਹ ਨੌਜਵਾਨ ਉਹਨਾਂ ਦੇ ਰੁਜ਼ਗਾਰ ਵਿੱਚ ਆਪਣਾ ਬਣਦਾ ਸਹਿਯੋਗ ਦੇ ਰਹੇ ਹਨ। ਰੋਜ਼ਾਨਾ ਤਿੰਨ ਤੋਂ ਚਾਰ ਘੰਟੇ ਉਹਨਾਂ ਦੇ ਪੈਟਰੋਲ ਪੰਪ 'ਤੇ ਕੰਮ ਕਰਨ ਵਾਲੇ ਇਹ ਨੌਜਵਾਨ ਗੱਡੀਆਂ ਦੇ ਸ਼ੀਸ਼ੇ ਸਾਫ ਕਰਨ, ਗੱਡੀਆਂ ਦੇ ਟਾਇਰਾਂ ਵਿੱਚ ਹਵਾ ਭਰਨ ਅਤੇ ਗੱਡੀਆਂ ਵਿੱਚ ਪੈਟਰੋਲ ਅਤੇ ਡੀਜ਼ਲ ਭਰਨ ਦਾ ਕਾਰਜ ਕਰਦੇ ਹਨ।
ਕੁਝ ਇਸ ਢੰਗ ਨਾਲ ਕਰਦੇ ਨੇ ਕੰਮ
ਉਹਨਾਂ ਕਿਹਾ ਕਿ ਸੱਤ ਨੌਜਵਾਨਾਂ ਵਿੱਚੋਂ ਦੋ ਨੌਜਵਾਨ ਰਾਮਪੁਰਾ ਫੂਲ ਅਤੇ ਇੱਕ ਨੌਜਵਾਨ ਮਲੋਟ ਵਿਖੇ ਪੈਟਰੋਲ ਪੰਪ ਉੱਪਰ ਨੌਕਰੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨਾਲ ਖੁਦ ਨੂੰ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਕਿਸੇ ਅਜਿਹੇ ਵਿਅਕਤੀ ਦੇ ਕੰਮ ਆਏ ਹਾਂ ਜੋ ਆਮ ਲੋਕਾਂ ਨਾਲੋਂ ਥੋੜਾ ਘੱਟ ਹੈ। ਪਰ ਇਹਨਾਂ ਦੇ ਕੰਮ ਕਾਜ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਇਹ ਕਿਸੇ ਨਾਲੋਂ ਘੱਟ ਨਹੀਂ ਹਨ। ਇਹਨਾਂ ਨੌਜਵਾਨਾਂ ਵੱਲੋਂ ਤੇਲ ਪਵਾਉਣ ਆਏ ਲੋਕਾਂ ਤੋਂ ਪਹਿਲਾਂ ਕਾਗਜ਼ 'ਤੇ ਲਿਖਵਾ ਲਿਆ ਜਾਂਦਾ ਹੈ ਕਿ ਕਿੰਨੇ ਰੁਪਏ ਦਾ ਤੇਲ ਪਾਉਣਾ ਹੈ ਜਾਂ ਇਸ਼ਾਰਿਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਜੋ ਗ੍ਰਾਹਕ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।
ਰੁਜ਼ਗਾਰ ਨਾਲ ਚਲਾ ਰਹੇ ਘਰ ਦਾ ਖਰਚ
ਪੈਟਰੋਲ ਪੰਪ ਮਾਲਕ ਨੇ ਕਿਹਾ ਕਿ ਲੋਕ ਵੀ ਇਹਨਾਂ ਨੂੰ ਸਹਿਯੋਗ ਕਰਦੇ ਹਨ। ਭਾਵੇਂ ਇਹਨਾਂ ਵੱਲੋਂ ਤੇਲ ਪਾਉਣ ਵਿੱਚ ਥੋੜੀ ਬਹੁਤੀ ਦੇਰ ਹੀ ਜ਼ਰੂਰ ਹੁੰਦੀ ਹੈ ਪਰ ਲੋਕ ਇਹਨਾਂ ਨੂੰ ਸਹਿਯੋਗ ਕਰ ਰਹੇ ਹਨ ਅਤੇ ਹੌਲੀ-ਹੌਲੀ ਇਹਨਾਂ ਦੇ ਇਸ ਰੁਜ਼ਗਾਰ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਸਹਾਇਤਾ ਕਰ ਰਹੇ ਹਨ। ਉਹਨਾਂ ਕਿਹਾ ਕਿ ਸ਼ੁਰੂ-ਸ਼ੁਰੂ ਵਿੱਚ ਭਾਵੇਂ ਉਹਨਾਂ ਨੂੰ ਥੋੜੀਆਂ ਬਹੁਤੀਆਂ ਦਿੱਕਤਾਂ ਆਈਆਂ ਪਰ ਅੱਜ ਇਹ ਨੌਜਵਾਨ ਆਪਣੇ ਰੁਜ਼ਗਾਰ ਰਾਹੀਂ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਪਹਿਲਾ ਅਜਿਹਾ ਪੰਪ ਹੈ, ਜਿੱਥੇ ਸੁਣਨ ਅਤੇ ਬੋਲਣ ਤੋਂ ਅਸਮਰਥ ਨੌਜਵਾਨ ਨੌਕਰੀ ਕਰ ਰਹੇ ਹਨ ਅਤੇ ਚੰਗਾ ਜੀਵਨ ਬਤੀਤ ਕਰ ਰਹੇ ਹਨ।
ਪੰਪ ਦੇ ਕਰਮਚਾਰੀ ਵੀ ਦਿੰਦੇ ਨੇ ਸਹਿਯੋਗ
ਉਹਨਾਂ ਕਿਹਾ ਕਿ ਪੰਪ 'ਤੇ ਹੋਰ ਕੰਮ ਕਰਨ ਵਾਲੇ ਕਰਮਚਾਰੀਆਂ ਵੱਲੋਂ ਵੀ ਹਰ ਤਰ੍ਹਾਂ ਦਾ ਸਹਿਯੋਗ ਇਹਨਾਂ ਨੌਜਵਾਨਾਂ ਨੂੰ ਦਿੱਤਾ ਜਾ ਰਿਹਾ ਹੈ, ਤਾਂ ਜੋ ਇਹ ਇਸ ਕਿੱਤੇ ਵਿੱਚ ਚੰਗੀ ਤਰ੍ਹਾਂ ਪਰਫੈਕਟ ਹੋ ਸਕਣ। ਉਹਨਾਂ ਕਿਹਾ ਕਿ ਜੇਕਰ ਅਜਿਹੇ ਨੌਜਵਾਨ ਉਹਨਾਂ ਪਾਸ ਟ੍ਰੇਨਿੰਗ ਲਈ ਆਉਂਦੇ ਹਨ ਤਾਂ ਉਹ ਜ਼ਰੂਰ ਅਜਿਹੇ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਤਾਂ ਜੋ ਆਪਣੇ ਪੈਰਾਂ 'ਤੇ ਉਹ ਖੜੇ ਹੋ ਸਕਣ।