ਨਰਕ ਭਰੀ ਜ਼ਿੰਦਗੀ ਜੀਣ ਲਈ ਲੋਕ ਹੋਏ ਮਜ਼ਬੂਰ (ETV BHARAT) ਸੰਗਰੂਰ: ਜੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਸੰਗਰੂਰ ਦੇ ਹਲਕਾ ਦਿੜ੍ਹਬਾ ਦੀਆਂ ਹਨ। ਜਿੱਥੇ ਸੀਵਰੇਜ ਦੇ ਗੰਦੇ ਪਾਣੀ ਦੇ ਵਿੱਚ ਲੋਕਾਂ ਨੂੰ ਲੰਘਣਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹਲਕਾ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਆਪਣਾ ਹਲਕਾ ਹੈ, ਜਿੱਥੋਂ ਦੇ ਹਾਲਾਤ ਵੱਧ ਤੋਂ ਬੱਤਰ ਬਣੇ ਹੋਏ ਹਨ। ਪਿੰਡ ਦੀ ਮੇਨ ਫਿਰਨੀ ਜੋ ਕਿ ਝੀਲ ਦਾ ਰੂਪ ਧਾਰਨ ਕਰ ਗਈ ਹੈ। ਝੀਲ ਕਿਨਾਰੇ ਤਾਂ ਫਿਰ ਵੀ ਲੋਕ ਆਨੰਦ ਮਾਣਦੇ ਹਨ ਪਰ ਇਹ ਲੋਕ ਤਾਂ ਨਰਕ ਭਰੀ ਜਿੰਦਗੀ ਜੀਣ ਲਈ ਮਜ਼ਬੂਰ ਹੋ ਰਹੇ ਹਨ।
ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਕੱਢੀ ਭੜਾਸ: ਜਿੱਥੇ ਮੁਹੱਲਾ ਵਾਸੀਆਂ ਨੇ ਮੀਡੀਆ ਦੇ ਸਾਹਮਣੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ, ਉੱਥੇ ਹੀ ਉਹਨਾਂ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਖਿਲਾਫ਼ ਵੀ ਜੰਮ ਕੇ ਆਪਣੀ ਭੜਾਸ ਕੱਢੀ। ਇਸ ਮੌਕੇ ਮਹਿਲਾਵਾਂ ਨੇ ਕਿਹਾ ਕਿ ਕਰੀਬ ਇੱਕ ਮਹੀਨੇ ਤੋਂ ਇਸ ਸੀਵਰੇਜ ਦੇ ਗੰਦੇ ਪਾਣੀ ਨੂੰ ਖੜੇ ਹੋਇਆ ਹੋ ਗਿਆ ਹੈ ਪਰ ਇਸ ਦੀ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ, ਜਦਕਿ ਸਾਡੇ ਘਰਾਂ ਦੇ ਬਜ਼ੁਰਗ ਅਤੇ ਬੱਚੇ ਬੇਹੱਦ ਪਰੇਸ਼ਾਨ ਹਨ।
ਲੋਕਾਂ ਨੂੰ ਪਰੇਸ਼ਾਨੀਆਂ ਦਾ ਕਰਨਾ ਪੈ ਰਿਹਾ ਸਾਹਮਣਾ:ਉਹਨਾਂ ਕਿਹਾ ਕਿ ਬੱਚਿਆਂ ਨੂੰ ਸਕੂਲ ਜਾਣ ਸਮੇਂ ਵੀ ਬਹੁਤ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਸਕੂਲੀ ਬੱਚੇ ਇਸ ਗੰਦੇ ਪਾਣੀ ਵਿੱਚ ਫਿਸਲ ਕੇ ਗਿਰ ਜਾਂਦੇ ਹਨ ਅਤੇ ਉਹਨਾਂ ਦੀ ਸਕੂਲੀ ਡਰੈਸ ਵੀ ਖਰਾਬ ਹੋ ਜਾਂਦੀ ਹੈ। ਕਈ ਬਜ਼ੁਰਗ ਇਸ ਗੰਦੇ ਪਾਣੀ ਵਿੱਚ ਗਿਰਨ ਨਾਲ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਮਾਮੂਲੀ ਸੱਟਾਂ ਵੀ ਲੱਗੀਆਂ। ਉਹਨਾਂ ਕਿਹਾ ਕਿ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।
ਮੰਤਰੀ ਦੇ ਓਐਸਡੀ ਨੇ ਆਖੀ ਇਹ ਗੱਲ: ਉਥੇ ਹੀ ਮਹੱਲਾ ਵਾਸੀਆਂ ਨੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਦਿੜ੍ਹਬਾ ਦਫਤਰ ਜਾ ਕੇ ਵੀ ਸਮੱਸਿਆ ਬਾਰੇ ਜਾਣੂ ਕਰਵਾਇਆ। ਇਸ ਮੌਕੇ ਦਫ਼ਤਰ ਦੇ ਵਿੱਚ ਮੌਜੂਦ ਵਿਅਕਤੀਆਂ ਨੇ ਖਜ਼ਾਨਾ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਨਾਲ ਮਹਿਲਾਵਾਂ ਦੀ ਫੋਨ 'ਤੇ ਗੱਲ ਕਰਵਾਈ ਗਈ। ਜਿੱਥੇ ਖਜ਼ਾਨਾ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਨੇ ਸਖ਼ਤ ਨਿਰਦੇਸ਼ ਦੇ ਕੇ ਐਸਡੀਓ ਗੁਰਪ੍ਰੀਤ ਸਿੰਘ ਦੀ ਡਿਊਟੀ ਲਗਾਈ ਕਿ ਇਸ ਸਮੱਸਿਆ ਨੂੰ ਜਲਦ ਹੱਲ ਕਰਵਾਇਆ ਜਾਵੇ ਨਹੀਂ ਤਾਂ ਕਿਸੇ ਦੀ ਵੀ ਅਣਗਹਿਲੀ ਕਿਉਂ ਨਾ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਬੇਸ਼ੱਕ ਉਹ ਕਿਸੇ ਵੀ ਅਧਿਕਾਰੀ ਦੀ ਅਣਗਹਿਲੀ ਹੋਵੇ।
ਜਲਦ ਸਮੱਸਿਆ ਦਾ ਹੋਵੇਗਾ ਹੱਲ: ਇਸ ਮੌਕੇ ਗੁੱਸੇ ਵਿੱਚ ਆਈਆਂ ਮਹਿਲਾਵਾਂ ਨੇ ਸੀਵਰੇਜ ਬੋਰਡ ਦੇ ਐਸਡੀਓ ਗੁਰਪ੍ਰੀਤ ਨੂੰ ਮੌਕਾ ਦੇਖਣ ਲਈ ਵੀ ਕਿਹਾ ਅਤੇ ਐਸਡੀਓ ਗੁਰਪ੍ਰੀਤ ਮੌਕਾ ਦੇਖਣ ਪਹੁੰਚੇ ਤਾਂ ਉੱਥੇ ਹਾਲਾਤ ਦੇਖ ਐਸਡੀਓ ਗੁਰਪ੍ਰੀਤ ਦੇ ਵੀ ਪਸੀਨੇ ਛੁੱਟਣ ਲੱਗੇ। ਇਸ ਮੌਕੇ ਐਸਡੀਓ ਗੁਰਪ੍ਰੀਤ ਨੇ ਮਹਿਲਾਵਾਂ ਨੂੰ ਭਰੋਸਾ ਦਵਾਇਆ ਕਿ ਇਸ ਮਸਲੇ ਦਾ ਹੱਲ ਜਲਦ ਕਰਵਾ ਦਿੱਤਾ ਜਾਵੇਗਾ, ਪਰ ਜੋ ਇਸ ਦਾ ਪੱਕਾ ਹੱਲ ਹੈ ਉਸ ਨੂੰ ਕਰਨ ਦੇ ਲਈ ਟਾਈਮ ਲੱਗੇਗਾ। ਉਥੇ ਹੀ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਵਿਅਕਤੀ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਜਾਂ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਦਾ ਜਿੰਮੇਵਾਰ ਸੀਵਰੇਜ ਬੋਰਡ ਅਤੇ ਪੰਜਾਬ ਸਰਕਾਰ ਹੋਵੇਗੀ।