ਪਰਲਜ਼ ਕੰਪਨੀ ਘੁਟਾਲਾ: ਜਾਣੋ ਕਿਵੇਂ ਸ਼ੁਰੂ ਹੋਈ ਇਹ 'ਠੱਗੀ ਦੀ ਡੀਲ' (Etv Bharat (ਪੱਤਰਕਾਰ, ਬਰਨਾਲਾ)) ਬਰਨਾਲਾ: ਪਰਲ ਕੰਪਨੀ ਦੀ ਠੱਗੀ ਵਿਰੁੱਧ ਦੇਸ਼ ਭਰ ਵਿੱਚੋਂ ਸਭ ਤੋਂ ਪਹਿਲਾਂ ਸੰਘਰਸ਼ ਬਰਨਾਲਾ ਦੀ ਧਰਤੀ 'ਤੇ ਸ਼ੁਰੂ ਹੋਇਆ ਸੀ। ਇਥੋਂ ਦੇ ਮਹਿੰਦਰਪਾਲ ਸਿੰਘ ਦਾਨਗੜ੍ਹ ਅਤੇ ਉਹਨਾਂ ਦੇ ਸਾਥੀਆਂ ਨੇ 'ਇਨਸਾਫ਼ ਦੀ ਆਵਾਜ਼' ਨਾਮ ਦੀ ਜੱਥੇਬੰਦੀ ਬਣਾ ਕੇ ਸੰਘਰਸ਼ ਸ਼ੁਰੂ ਕੀਤਾ ਅਤੇ ਇਹ ਸੰਘਰਸ਼ ਅੱਗੇ ਦੇਸ਼ ਭਰ ਵਿੱਚ ਗਿਆ। ਇਸੇ ਸੰਘਰਸ਼ ਸਦਕਾ ਨਿਰਮਲ ਸਿੰਘ ਭੰਗੂ ਨੂੰ ਜੇਲ੍ਹ ਯਾਤਰਾ ਕਰਨੀ ਪਈ।
ਪਰਲ ਕੰਪਨੀ ਨੇ ਠੱਗੇ ਕਰੋੜਾਂ ਲੋਕ
ਇਸ ਸਬੰਧੀ ਈਟੀਵੀ ਭਾਰਤ ਵਲੋਂ ਮਹਿੰਦਰਪਾਲ ਸਿੰਘ ਦਾਨਗੜ੍ਹ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ ਗਈ। ਇਨਸਾਫ਼ ਦੀ ਆਵਾਜ਼ ਜੱਥੇਬੰਦੀ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਪੂਰੇ ਦੇਸ਼ 'ਚ ਪਰਲ ਕੰਪਨੀ ਤੋਂ ਪੀੜਤ ਲੋਕਾਂ ਦੀ ਗਿਣਤੀ 5 ਕਰੋੜ 85 ਲੱਖ ਤੋਂ ਵੱਧ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਪਰਲ ਕੰਪਨੀ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 25 ਤੋਂ 30 ਲੱਖ ਹੈ। ਉਨ੍ਹਾਂ ਕਿਹਾ ਕਿ 2016 ਵਿੱਚ ਸੁਪਰੀਮ ਕੋਰਟ ਵੱਲੋਂ ਸੇਵਾਮੁਕਤ ਜਸਟਿਸ ਆਰ.ਐਨ. ਲੋਢਾ ਦੀ ਅਗਵਾਈ ਵਿੱਚ ਇੱਕ ਬੋਰਡ ਗਠਿਤ ਕੀਤਾ ਗਿਆ ਸੀ ਅਤੇ ਇਸ ਸਬੰਧੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ ਕਿ ਪਰਲ ਕੰਪਨੀ ਦੀ ਸਾਰੀ ਜ਼ਮੀਨ ਅਤੇ ਜ਼ਾਇਦਾਦ ਵੇਚ ਕੇ ਨਿਵੇਸ਼ਕਾਂ ਦਾ ਪੈਸਾ ਵਾਪਸ ਕੀਤਾ ਜਾਵੇ, ਪਰ 8 ਸਾਲ ਬੀਤ ਜਾਣ 'ਤੇ ਵੀ ਲੋਕਾਂ ਦੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ ਹਨ।
ਕੌਣ ਹੈ ਨਿਰਮਲ ਸਿੰਘ ਭੰਗੂ, ਕਿਵੇਂ ਸ਼ੁਰੂ ਹੋਈ ਪਰਲਜ਼ ਚਿੱਟ ਫੰਡ ਕੰਪਨੀ
ਕੌਣ ਹੈ ਨਿਰਮਲ ਸਿੰਘ ਭੰਗੂ, ਕਿਵੇਂ ਸ਼ੁਰੂ ਹੋਈ ਪਰਲਜ਼ ਚਿੱਟ ਫੰਡ ਕੰਪਨੀ (Etv Bharat (ਪੱਤਰਕਾਰ, ਬਰਨਾਲਾ)) ਜ਼ਿਕਰਯੋਗ ਹੈ ਕਿ ਸਤੰਬਰ 2023 ਵਿੱਚ, ਪੰਜਾਬ ਵਿਜੀਲੈਂਸ ਬਿਊਰੋ ਨੇ ਭੰਗੂ ਦੀ ਪਤਨੀ ਪ੍ਰੇਮ ਕੌਰ ਨੂੰ ਇਸ ਕੇਸ ਵਿੱਚ ਕਥਿਤ ਸ਼ਮੂਲੀਅਤ ਲਈ ਗ੍ਰਿਫਤਾਰ ਕੀਤਾ ਸੀ। ਉਸ 'ਤੇ ਪਰਲ ਗਰੁੱਪ ਦੀਆਂ ਜਾਇਦਾਦਾਂ ਨੂੰ ਡਾਇਵਰਟ ਕਰਨ ਅਤੇ ਜਾਇਦਾਦਾਂ ਨੂੰ ਵੇਚਣ ਲਈ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਨਾਮਜ਼ਦ ਕਰਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਸੀ।
"ਵਿੱਤ ਮੰਤਰੀ ਸੀਤਾਰਮਨ ਦਾ ਬਿਆਨ ਬਚਕਾਨਾ"
ਜਥੇਬੰਦੀ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਪਰਲ ਕੰਪਨੀ ਕੋਲ ਦੇਸ਼ ਭਰ ਵਿੱਚ ਕੀਮਤੀ ਜ਼ਮੀਨਾਂ ਹਨ, ਜਿਨ੍ਹਾਂ ਦੀ ਕੀਮਤ 175,000 ਕਰੋੜ ਰੁਪਏ ਤੋਂ ਵੱਧ ਹੈ, ਜਦਕਿ ਨਿਵੇਸ਼ਕਾਂ ਦਾ ਪੈਸਾ ਵਿਆਜ ਸਮੇਤ ਸਿਰਫ਼ 50,000 ਤੋਂ 60,000 ਕਰੋੜ ਰੁਪਏ ਹੈ। ਇਸ ਲਈ ਲੋਕਾਂ ਦਾ ਪੈਸਾ ਕਿਸੇ ਵੀ ਹਾਲਤ ਵਿੱਚ ਮਿਲ ਸਕਦਾ ਹੈ, ਪਰ ਕੇਂਦਰ ਅਤੇ ਰਾਜ ਸਰਕਾਰ ਇਸ ਲਈ ਗੰਭੀਰ ਨਹੀਂ ਹਨ ਅਤੇ ਨਿਵੇਸ਼ਕਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਦਕਿ ਉਨ੍ਹਾਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਉਸ ਬਿਆਨ ਦੀ ਵੀ ਆਲੋਚਨਾ ਕੀਤੀ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਕੇਂਦਰ ਸਰਕਾਰ ਲੋਕਾਂ ਦਾ ਪੈਸਾ ਦੇਣ ਲਈ ਤਿਆਰ ਹੈ, ਪਰ ਕੋਈ ਨਿਵੇਸ਼ਕ ਪੈਸਾ ਲੈਣ ਲਈ ਨਹੀਂ ਆ ਰਿਹਾ।
ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਦਾ ਇਹ ਬਿਆਨ ਪੂਰੀ ਤਰ੍ਹਾਂ ਬਚਕਾਨਾ ਹੈ। ਲੋਕ ਪਿਛਲੇ 8 ਸਾਲਾਂ ਤੋਂ ਘਰ-ਘਰ ਜਾ ਕੇ ਆਪਣਾ ਲਾਇਆ ਪੈਸਾ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ, ਪਰ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਲੋਕਾਂ ਦਾ ਪੈਸਾ ਵਾਪਸ ਨਹੀਂ ਕੀਤਾ ਜਾ ਰਿਹਾ। ਜਿੱਥੇ ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਦੇ ਇਸ ਬਿਆਨ ਦੇ ਵਿਰੋਧ ਵਿੱਚ ਜਲਦੀ ਹੀ ਪਰਲ ਪੀੜਤਾਂ ਵੱਲੋਂ ਉਨ੍ਹਾਂ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ।
ਨਿਰਮਲ ਸਿੰਘ ਭੰਗੂ ਦੀ ਬੇਟੀ ਦੇ ਬਿਆਨ ਦਾ ਜਵਾਬ
ਉੱਥੇ ਹੀ ਮਹਿੰਦਰਪਾਲ ਸਿੰਘ ਨੇ ਪਰਲ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਬੇਟੀ ਦੇ ਬਿਆਨ ਦਾ ਜਵਾਬ ਦਿੱਤਾ, ਜਿਸ ਵਿੱਚ ਨਿਰਮਲ ਸਿੰਘ ਭੰਗੂ ਦੀ ਬੇਟੀ ਨੇ ਕਿਹਾ ਕਿ ਕਿਹਾ ਸੀ ਕਿ ਨਿਵੇਸ਼ਕਾਂ ਦਾ ਇਕ-ਇਕ ਪੈਸਾ ਵਾਪਿਸ ਕੀਤਾ ਜਾਵੇਗਾ। ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਕੰਪਨੀ ਵਿੱਚ ਉਨ੍ਹਾਂ ਦਾ ਕੋਈ ਦਖ਼ਲ ਨਹੀਂ ਹੈ, ਕਿਉਂਕਿ ਇਸ ਵੇਲੇ ਸਾਰਾ ਅਧਿਕਾਰ ਸਰਕਾਰਾਂ ਦੇ ਹੱਥ ਵਿੱਚ ਹੈ। ਜੇਕਰ ਉਹ ਸੱਚਮੁੱਚ ਲੋਕਾਂ ਦੇ ਪੈਸੇ ਵਾਪਸ ਕਰਨਾ ਚਾਹੁੰਦੇ ਹਨ, ਤਾਂ ਜੋ ਜ਼ਮੀਨ ਕੰਪਨੀ ਵੱਲੋਂ ਹੋਰ ਲੋਕਾਂ ਦੇ ਨਾਂ ’ਤੇ ਖਰੀਦੀ ਗਈ ਹੈ, ਇਸ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਅਤੇ ਉਹ ਜ਼ਮੀਨਾਂ ਵੇਚ ਕੇ ਨਿਵੇਸ਼ਕਾਂ ਦੇ ਪੈਸੇ ਵਾਪਸ ਕੀਤੇ ਜਾਣੇ ਚਾਹੀਦੇ ਹਨ। ਫਿਰ ਸਾਰੇ ਨਿਵੇਸ਼ਕਾਂ ਨੂੰ ਜਲਦੀ ਤੋਂ ਜਲਦੀ ਪੈਸਾ ਵਾਪਸ ਕਰ ਦਿੱਤਾ ਜਾਵੇਗਾ।
ਸੂਬਾ ਸਰਕਾਰ ਨਾਲ ਵੀ ਨਾਰਾਜ਼ਗੀ, ਕਿਹਾ- ਸੰਘਰਸ਼ ਜਾਰੀ ਰਹੇਗਾ
ਮਹਿੰਦਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਪਰਲ ਕੰਪਨੀ ਦੇ ਪੀੜਤਾਂ ਨੂੰ ਸਾਰਾ ਪੈਸਾ ਵਾਪਸ ਦੇਣ ਦਾ ਵਾਅਦਾ ਕਰਦੇ ਸਨ, ਪਰ ਸਰਕਾਰ ਦੇ ਢਾਈ ਸਾਲ ਬੀਤ ਜਾਣ 'ਤੇ ਵੀ ਲੋਕਾਂ ਨੂੰ ਇਕ ਪੈਸਾ ਵੀ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਸੂਬੇ 'ਚ ਕਿਤੇ ਵੀ ਚੋਣਾਂ ਹੁੰਦੀਆਂ ਹਨ ਤਾਂ ਭਗਵੰਤ ਮਾਨ ਮੁੜ ਪੀੜਤਾਂ ਦੀ ਗੱਲ ਕਰਦੇ ਹਨ ਅਤੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਉਣ ਦੇ ਵਾਅਦੇ ਕਰਦੇ ਹਨ। ਪਰ ਜਿਉਂ ਹੀ ਚੋਣਾਂ ਖ਼ਤਮ ਹੁੰਦੀਆਂ ਹਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਬਾਰੇ ਕੋਈ ਗੱਲ ਨਹੀਂ ਕਰਦੇ।
ਉਨ੍ਹਾਂ ਕਿਹਾ ਕਿ ਪਰਲ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦਾ ਬਰਨਾਲਾ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਜਦ ਕਿ ਪਲ ਕੰਪਨੀ ਵਿਰੁੱਧ ਪਹਿਲਾ ਸੰਘਰਸ਼ ਬਰਨਾਲਾ ਤੋਂ ਸ਼ੁਰੂ ਹੋਣ ਕਰਕੇ ਨਿਰਮਲ ਸਿੰਘ ਭੰਗੂ ਨੂੰ ਬਰਨਾਲਾ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਲੋਕਾਂ ਨੂੰ ਉਹਨਾਂ ਦਾ ਪੈਸਾ ਵਾਪਸ ਮਿਲ ਸਕਦਾ ਹੈ। ਜਿੰਨਾ ਸਮਾਂ ਪੀੜਤ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।