ਬਰਨਾਲਾ: ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਹਾਲਾਤ ਵੀ ਕੁੱਝ ਅਜਿਹੇ ਹੀ ਹਨ। ਜ਼ਿਲ੍ਹਾ ਪੱਧਰ ਦੇ ਇੱਕੋ ਇੱਕ ਸਰਕਾਰੀ ਹਸਪਤਾਲ ਵਿੱਚ ਮਾੜੇ ਪ੍ਰਬੰਧਾਂ ਨੂੰ ਲੈ ਕੇ ਮਰੀਜ਼ਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਹਸਪਤਾਲ ਪ੍ਰਬੰਧਕਾਂ ਅਤੇ ਸਰਕਾਰੀ ਖਿਲਾਫ਼ ਮਰੀਜ਼ਾਂ ਨੇ ਰੋਸ ਜ਼ਾਹਰ ਕੀਤਾ ਹੈ। ਸਰਕਾਰੀ ਹਸਪਤਾਲ ਵਿੱਚ ਇੱਕ ਪਰਚੀ ਕਾਊਂਟਰ ਹੋਣ ਕਰਕੇ ਮਰੀਜ਼ਾਂ ਦੀਆਂ ਵੱਡੀਆਂ ਲਾਈਨਾਂ ਲੱਗ ਰਹੀਆਂ ਹਨ। ਜਿਸ ਕਰਕੇ ਮਰੀਜ਼ਾਂ ਨੂੰ ਧੁੱਪ ਅਤੇ ਗਰਮੀ ਵਿੱਚ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਪਰਚੀ ਕਾਊਂਟਰ ਤੋਂ ਇਲਾਵਾ ਦਵਾਈਆਂ ਦੇ ਕਾਊਂਟਰ ਉੱਪਰ ਵੀ ਲੱਗੀ ਵੱਡੀ ਭੀੜ ਲੱਗ ਰਹੀ ਹੈ।
ਮਰੀਜ਼ਾਂ ਨੂੰ ਪਰਚੀ ਕੱਟਵਾਉਣ ਲਈ ਕਈ ਕਈ ਘੰਟੇ ਲਾਈਨਾਂ ਵਿੱਚ ਖੜਨਾ ਪਿਆ:ਇਸ ਮੌਕੇ ਗੱਲਬਾਤ ਕਰਦਿਆਂ ਮਰੀਜ਼ਾਂ ਨੇ ਕਿਹਾ ਕਿ ਬਰਨਾਲਾ ਦਾ ਸਰਕਾਰੀ ਹਸਪਤਾਲ ਇੱਕ ਜ਼ਿਲ੍ਹਾ ਪੱਧਰ ਦਾ ਹਸਪਤਾਲ ਹੈ। ਪਰ ਇਸ ਹਸਪਤਾਲ ਵਿੱਚ ਸਹੂਲਤਾਂ ਨਾ-ਮਾਤਰ ਹਨ। ਜਿਸ ਕਰਕੇ ਮਰੀਜ਼ਾਂ ਨੂੰ ਇੱਥੇ ਖੱਜਲ ਖੁਆਰ ਹੋਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਿੱਚ ਸਮੁੱਚੇ ਬਰਨਾਲਾ ਸ਼ਹਿਰ ਸਮੇਤ ਜ਼ਿਲ੍ਹੇ ਭਰ ਦੇ ਪਿੰਡਾਂ ਤੋਂ ਲੋਕ ਇਲਾਜ਼ ਲਈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਹਨ। ਇਸ ਹਸਪਤਾਲ ਵਿੱਚ ਮਰੀਜ਼ਾਂ ਦੀ ਪਰਚੀ ਕੱਟਣ ਭਾਵ ਰਜਿਸਟ੍ਰੇਸ਼ਨ ਲਈ ਸਿਰਫ਼ ਇੱਕ ਹੀ ਕਾਊਂਟਰ ਹੈ। ਜਿਸ ਕਰਕੇ ਇੱਥੇ ਪਰਚੀ ਕਾਊਂਟਰ ਉੱਪਰ ਮਰੀਜ਼ਾਂ ਦੀਆਂ ਵੱਡੀਆਂ ਲਾਈਨਾਂ ਲੱਗ ਜਾਂਦੀਆਂ ਹਨ। ਮਰੀਜ਼ਾਂ ਨੂੰ ਪਰਚੀ ਕੱਟਵਾਉਣ ਲਈ ਕਈ ਕਈ ਘੰਟੇ ਲਾਈਨਾਂ ਵਿੱਚ ਖੜਨਾ ਪੈਂਦਾ ਹੈ। ਮਰੀਜ਼ਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਪਰਚੀ ਕਟਵਾਉਣ ਲਈ ਇਹਨਾਂ ਲਾਈਨਾਂ ਵਿੱਚ ਖੜ੍ਹੇ ਹਨ, ਹਸਪਤਾਲ ਪ੍ਰਸ਼ਾਸ਼ਨ ਵਲੋਂ ਮਰੀਜ਼ਾਂ ਲਈ ਪਾਣੀ ਜਾਂ ਛਾਂ ਤੱਕ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ। ਗਰਭਵਤੀ ਔਰਤਾਂ, ਬਜ਼ੁਰਗ ਅਤੇ ਅੰਗਹੀਣ ਲੋਕਾਂ ਨੂੰ ਲਾਈਨਾਂ ਵਿੱਚ ਲੱਗ ਕੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।