ਹਰੀਸ਼ ਪਠਾਨੀਆ,ਵਕੀਲ (ETV BHARAT PUNJAB (ਰਿਪੋਟਰ,ਪਠਾਨਕੋਟ)) ਪਠਾਨਕੋਟ:ਸਾਲ 2020 ਵਿੱਚ ਪਠਾਨਕੋਟ ਦੇ ਪਿੰਡ ਥਰਿਆਲ 'ਚ ਕੁੱਝ ਲੋਕਾਂ ਨੇ ਇੱਕ ਘਰ 'ਚ ਦਾਖਲ ਹੋ ਕੇ ਲੁੱਟ-ਖੋਹ ਕੀਤੀ ਅਤੇ ਘਰ 'ਚ ਮੌਜੂਦ ਲੋਕਾਂ 'ਤੇ ਵੀ ਹਮਲਾ ਕਰ ਦਿੱਤਾ। ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ 'ਚੋਂ ਇੱਕ ਕ੍ਰਿਕਟਰ ਸੁਰੇਸ਼ ਰੈਨਾ ਦਾ ਫੁੱਫੜ ਸਨ। ਇਸ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ 12 ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ।
ਕਤਲ ਕੇਸ ਵਿੱਚ ਇਨਸਾਫ: ਇਨ੍ਹਾਂ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰਕੇ ਥਾਣਾ ਸ਼ਾਹਪੁਰਕੰਡੀ ਵਿੱਚ ਕੇਸ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਅਦਾਲਤ ਵਿੱਚ ਚਲਾ ਗਿਆ, ਜਿੱਥੇ ਹੁਣ ਪਠਾਨਕੋਟ ਦੀ ਜ਼ਿਲ੍ਹਾ ਮੈਜਿਸਟਰੇਟ ਅਦਾਲਤ ਨੇ ਇਸ ਕਤਲ ਵਿੱਚ ਸ਼ਾਮਲ 12 ਦੋਸ਼ੀਆਂ ਨੂੰ ਉਮਰ ਕੈਦ ਅਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਉਮਰ ਕੈਦ ਅਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ: ਇਸ ਬਾਰੇ ਗੱਲ ਕਰਦਿਆਂ ਵਕੀਲ ਹਰੀਸ਼ ਪਠਾਨੀਆ ਨੇ ਦੱਸਿਆ ਕਿ ਇਹ 2020 ਦਾ ਕਤਲ ਕੇਸ ਹੈ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚੋਂ ਇੱਕ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਸਨ, ਜਿਸ ਦੀ ਮੌਤ ਤੋਂ ਬਾਅਦ ਪੁਲਿਸ ਨੇ ਕੁਝ ਔਰਤਾਂ ਸਮੇਤ 12 ਮੁਲਜ਼ਮਾਂ ਨੂੰ ਮਾਮਲੇ ਵਿੱਚ ਨਾਮਜ਼ਦ ਕਰਦਿਆਂ ਗ੍ਰਿਫ਼ਤਾਰ ਕੀਤਾ ਸੀ। ਜ਼ਿਲ੍ਹਾ ਅਦਾਲਤ ਦੀ ਤਰਫੋਂ ਸੈਸ਼ਨ ਜੱਜ ਨੇ 12 ਗ੍ਰਿਫਤਾਰ ਦੋਸ਼ੀਆਂ ਨੂੰ ਉਮਰ ਕੈਦ ਅਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਦੱਸ ਦੇਈਏ ਕਿ 19 ਅਗਸਤ 2020 ਦੀ ਰਾਤ ਨੂੰ ਅਣਪਛਾਤੇ ਲੁਟੇਰਿਆਂ ਨੇ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਥਰਿਆਲ ਵਿੱਚ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਠੇਕੇਦਾਰ ਅਸ਼ੋਕ ਕੁਮਾਰ ਦੇ ਘਰ ਦਾਖਲ ਹੋ ਕੇ ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਅਚਾਨਕ ਹੋਏ ਹਮਲੇ ਕਾਰਨ ਪਰਿਵਾਰਕ ਮੈਂਬਰ ਜੋ ਕਿ ਸੁੱਤੇ ਪਏ ਸਨ, ਆਪਣਾ ਬਚਾਅ ਨਹੀਂ ਕਰ ਸਕੇ। ਹਮਲੇ 'ਚ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ (58), ਭੂਆ ਆਸ਼ਾ ਦੇਵੀ (55), ਉਸ ਦਾ ਪੁੱਤਰ ਕੌਸ਼ਲ ਕੁਮਾਰ (32), ਅਪੀਨ ਕੁਮਾਰ (24) ਅਤੇ ਸੱਤਿਆ ਦੇਵੀ (80) ਗੰਭੀਰ ਜ਼ਖ਼ਮੀ ਹੋ ਗਏ। ਗੰਭੀਰ ਜ਼ਖ਼ਮੀ ਅਸ਼ੋਕ ਕੁਮਾਰ ਅਤੇ ਉਸ ਦੇ ਪੁੱਤਰ ਕੌਸ਼ਲ ਕੁਮਾਰ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਵਿੱਚ ਤਤਕਾਲੀ ਸੀਐੱਮ ਪੰਜਾਬ ਨੇ ਤੁਰੰਤ ਟੀਮ ਦਾ ਗਠਨ ਕੀਤਾ ਅਤੇ ਪੁਲਿਸ ਨੇ 12 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।