ਪਰਮਿੰਦਰ ਢੀਂਡਸਾ ਦਾ ਸੁਖਬੀਰ ਬਾਦਲ 'ਤੇ ਨਿਸ਼ਾਨਾ (ETV BHARAT) ਸੰਗਰੂਰ:ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਕਈ ਹੋਰ ਵੱਡੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਪਾਰਟੀ ਵਿਰੁੱਧ ਅਨੁਸ਼ਾਸਨਹੀਣਤਾ ਕਰਨ ਦਾ ਦੋਸ਼ ਲਗਾ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ। ਉਥੇ ਹੀ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਵੱਡਾ ਹਮਲਾ ਬੋਲਿਆ ਹੈ।
ਢੀਂਡਸਾ ਦਾ ਸੁਖਬੀਰ 'ਤੇ ਨਿਸ਼ਾਨਾ:ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਤੋਂ ਅਕਾਲੀ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਹ ਅਕਾਲੀ ਸੀ ਅਤੇ ਅਕਾਲੀ ਰਹਿਣਗੇ ਜਦਕਿ ਉਨ੍ਹਾਂ ਦੇ ਇਸ ਫ਼ੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੁਖਬੀਰ ਬਾਦਲ ਕਿਸ ਕਦਰ ਡਰੇ ਹੋਏ ਹਨ। ਢੀਂਡਸਾ ਨੇ ਕਿਹਾ ਕਿ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ 'ਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ ਤੇ ਅਜਿਹੇ ਫੈਸਲਿਆਂ ਨੂੰ ਅਸੀਂ ਕੁਝ ਨਹੀਂ ਜਾਣਦੇ। ਅੱਜ ਇਹ ਪਾਰਟੀ ਬਾਦਲ ਕੰਪਨੀ ਬਣ ਕੇ ਰਹਿ ਗਈ ਹੈ, ਇਸ ਕੰਪਨੀ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ। ਜਦਕਿ ਸਾਡਾ ਮਿਸ਼ਨ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਹੈ। ਅਕਾਲੀ ਦਲ ਨੂੰ ਪੁਰਾਣੀਆਂ ਰਿਵਾਇਤਾਂ 'ਤੇ ਤੋਰਨਾ ਸਾਡਾ ਮਕਸਦ ਹੈ, ਇਸ ਲਈ ਅਸੀਂ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕੀਤੀ ਹੈ।
'ਪਾਰਟੀ ਦੇ ਭਲੇ ਦੀ ਗੱਲ ਕਰਨਾ ਅਨੁਸ਼ਾਸਨ ਤੋੜਨਾ': ਇਸ ਦੇ ਨਾਲ ਹੀ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਨਾ ਤਾਂ ਸਾਨੂੰ ਕੋਈ ਨੋਟਿਸ ਭੇਜਿਆ ਗਿਆ ਅਤੇ ਨਾ ਹੀ ਜਵਾਬ ਤਲਬੀ ਕੀਤੀ ਗਈ, ਸਿਰਫ ਇਹ ਆਖਿਆ ਗਿਆ ਕਿ ਅਨੁਸ਼ਾਸਨ ਤੋੜਿਆ ਹੈ। ਉਨ੍ਹਾਂ ਕਿਹਾ ਕਿ ਕੀ ਪਾਰਟੀ ਦੇ ਭਲੇ ਦੀ ਗੱਲ ਕਰਨੀ ਅਨੁਸ਼ਾਸਨ ਤੋੜਨਾ ਹੈ ਜਾਂ ਪਾਰਟੀ ਪ੍ਰਧਾਨ ਦੇ ਖ਼ਿਲਾਫ ਬੋਲਣਾ ਅਨੁਸ਼ਾਸਨ ਤੋੜਨਾ ਹੈ। ਜਦਕਿ ਸਭ ਤੋਂ ਵੱਡਾ ਅਨੁਸ਼ਾਸਨ ਤਾਂ ਖੁਦ ਸੁਖਬੀਰ ਬਾਦਲ ਨੇ ਤੋੜਿਆ ਹੈ, ਜਿਸ ਨੇ ਜਲੰਧਰ ਜ਼ਿਮਣੀ ਚੋਣ 'ਚ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਕਰਕੇ ਦੂਜੀ ਪਾਰਟੀ ਨੂੰ ਸਮਰਥਨ ਦੇ ਦਿੱਤਾ। ਉਨ੍ਹਾਂ ਕਿਹਾ ਕਿ ਕੀ ਪਾਰਟੀ ਪ੍ਰਧਾਨ ਪਾਰਟੀ ਤੋਂ ਵੀ ਉਪਰ ਹੈ।
ਸੁਖਬੀਰ ਬਾਦਲ ਦੇ ਗੁਲਾਮ ਨਹੀਂ ਬਣ ਸਕਦੇ-ਢੀਂਡਸਾ:ਉੱਥੇ ਹੀ, ਪਰਮਿੰਦਰ ਢੀਂਡਸਾ ਨੇ ਕਿਹਾ ਕਿ ਅਸੀਂ ਸੁਖਬੀਰ ਬਾਦਲ ਦੇ ਗੁਲਾਮ ਨਹੀਂ ਬਣ ਸਕਦੇ। ਅਸੀਂ ਇੱਜ਼ਤ ਨਾਲ ਸਿਆਸਤ ਕੀਤੀ ਹੈ ਅਤੇ ਇੱਜ਼ਤ ਨਾਲ ਹੀ ਸਿਆਸਤ ਕਰਾਂਗੇ। ਜਿਹੜੇ ਅਜਿਹੀ ਗੁਲਾਮੀ ਦੀ ਮਾਨਸਿਕਤਾ ਨਾਲ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਸ਼ੁੱਭ ਇਛਾਵਾਂ, ਪਰ ਝੂਠ ਸੱਚ ਦਾ ਫੈਸਲਾ ਤਾਂ ਪ੍ਰਮਾਤਮਾ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਜਦੋਂ ਤੱਕ ਗੁਲਾਮੀ ਦੀਆਂ ਜੰਜੀਰਾਂ ਨਹੀਂ ਤੋੜੋਗੇ ਉਦੋਂ ਤਕ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪ੍ਰਵਾਨ ਨਹੀਂ ਕਰਨਾ। ਇਸ ਦੇ ਨਾਲ ਹੀ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਦੇ ਮੈਂਬਰ ਰਹੇ ਪ੍ਰਦੀਪ ਕਲੇਰ ਨੇ ਸੁਖਬੀਰ ਬਾਦਲ 'ਤੇ ਵੱਡੇ ਦੋਸ਼ ਲਗਾਏ। ਸੁਖਬੀਰ ਬਾਦਲ ਨੂੰ ਖੁਦ ਇਸ ਮਸਲੇ 'ਤੇ ਸਫਾਈ ਦੇਣੀ ਚਾਹੀਦੀ ਸੀ ਪਰ ਉਨ੍ਹਾਂ ਦੇ ਚਮਚੇ ਸਫਾਈ ਦੇ ਰਹੇ ਹਨ। ਸੁਖਬੀਰ ਬਾਦਲ ਖੁਦ ਕਿਉਂ ਨਹੀਂ ਇਸ ਮਸਲੇ 'ਤੇ ਬੋਲੇ ਅਤੇ ਨਾ ਹੀ ਚਿੱਠੀ ਬਾਰੇ ਲੋਕਾਂ ਨੂੰ ਦੱਸ ਸਕੇ। ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ ਅਤੇ ਲੋਕ ਹੀ ਝੂਠ-ਸੱਚ ਦਾ ਫੈਸਲਾ ਕਰਨਗੇ।