tipper crushed a female teacher ਲੁਧਿਆਣਾ:ਸ਼ਹਿਰ ਦੇ ਚੰਡੀਗੜ੍ਹ ਰੋਡ 'ਤੇ ਮੰਗਲਵਾਰ ਸਵੇਰੇ ਇੱਕ ਟਿੱਪਰ ਨੇ ਸਕੂਟੀ ਸਵਾਰ ਮਹਿਲਾ ਅਧਿਆਪਕ ਨੂੰ ਕੁਚਲ ਦਿੱਤਾ। ਜਿਸ ਤੋਂ ਬਾਅਦ ਅਧਿਆਪਕ ਸੜਕ 'ਤੇ ਖੂਨ ਨਾਲ ਲੱਥਪੱਥ ਪਈ ਰਹੀ। ਟਿੱਪਰ ਦੇ ਟਾਇਰ ਹੇਠ ਆਉਣ ਕਰਕੇ ਇਹ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਤੁਰੰਤ ਉਸ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਲਿਜਾਇਆ ਗਿਆ। ਅਧਿਆਪਕ ਦਾ ਨਾਂ ਕੀਰਤੀ ਅਰੋੜਾ ਹੈ ਜਿਸ ਦਾ ਵਿਆਹ ਸਿਰਫ਼ 4 ਮਹੀਨੇ ਪਹਿਲਾਂ ਹੀ ਹੋਇਆ ਸੀ।
ਤੇਜ਼ ਰਫ਼ਤਾਰ ਟਿੱਪਰ ਨੇ ਮਾਰੀ ਟੱਕਰ:ਚਸ਼ਮਦੀਦਾਂ ਮੁਤਾਬਕ ਟਿੱਪਰ ਦੀ ਰਫ਼ਤਾਰ ਬਹੁਤ ਤੇਜ਼ ਸੀ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਜ਼ਖ਼ਮੀ ਮਹਿਲਾ ਇੱਕ ਸਾਲ ਤੋਂ ਪ੍ਰੈਜ਼ੀਡੈਂਸੀ ਸਕੂਲ ਵਿੱਚ ਪੜ੍ਹਾ ਰਹੇ ਹਨ। ਕੀਰਤੀ ਦੇ ਪਤੀ ਭੁਵਨ ਅਰੋੜਾ ਨੇ ਦੱਸਿਆ ਕਿ ਉਹ ਫਤਿਹਗੜ੍ਹ ਇਲਾਕੇ ਦਾ ਰਹਿਣ ਵਾਲਾ ਹੈ। ਹਰ ਰੋਜ਼ ਦੀ ਤਰ੍ਹਾਂ ਉਸ ਦੀ ਪਤਨੀ ਕੀਰਤੀ ਘਰੋਂ ਤਿਆਰ ਹੋ ਕੇ ਸਕੂਲ ਲਈ ਰਵਾਨਾ ਹੋਈ ਸੀ ਤੇ ਅਚਾਨਕ ਵਰਧਮਾਨ ਚੌਕ 'ਤੇ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਦੀ ਘਟਨਾ ਵਾਲੀ ਥਾਂ ਤੋਂ ਲੋਕਾਂ ਨੇ ਫੋਨ ਕਰਕੇ ਸੂਚਨਾ ਦਿੱਤੀ। ਉਸ ਨੂੰ ਤੁਰੰਤ ਸੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਮਹਿਲਾ ਅਧਿਆਪਕ ਨੂੰ ਲੱਗੀਆਂ ਗੰਭੀਰ ਸੱਟਾਂ: ਜਾਣਕਾਰੀ ਅਨੁਸਾਰ ਕੀਰਤੀ ਜੂਨੀਅਰ ਜਮਾਤਾਂ ਨੂੰ ਪੜ੍ਹਾਉਂਦੀ ਹੈ। ਜ਼ਖ਼ਮੀ ਕੀਰਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਾਕਟਰਾਂ ਅਨੁਸਾਰ ਹੱਥ ਦਾ ਅੰਗੂਠਾ ਵੱਖ ਹੋ ਗਿਆ ਹੈ। ਲੱਤਾਂ ਅਤੇ ਹੱਥਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਦਿਮਾਗ ਸਮੇਤ ਪੂਰੇ ਸਰੀਰ ਦੀ ਸਕੈਨਿੰਗ ਹੋਵੇਗੀ। ਫਿਲਹਾਲ ਕੀਰਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸੱਟਾਂ ਗੰਭੀਰ ਹੋਣ ਕਾਰਨ ਉਨ੍ਹਾਂ ਦੇ ਇਲਾਜ 'ਚ ਲੰਮਾ ਸਮਾਂ ਲੱਗੇਗਾ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ: ਟਿੱਪਰ ਚਾਲਕ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 7 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਲਿਆ। ਮੁਲਜ਼ਮ ਦੀ ਪਛਾਣ ਲਈ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਇਸ ਸਬੰਧੀ ਪੁਲਿਸ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਟਿੱਪਰ ਹੇਠੋਂ ਔਰਤ ਦਾ ਖੂਨ ਅਤੇ ਮਾਸ ਦੇ ਟੁਕੜੇ ਮਿਲੇ ਹਨ। ਟਿੱਪਰ ਚਾਲਕ ਫਰਾਰ ਹੈ, ਉਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਉਧਰ ਆਪ ਦੀ ਮਹਿਲਾ ਆਗੂ ਵੀ ਮੌਕੇ 'ਤੇ ਪੁੱਜੀ, ਜਿਸ ਨੇ ਕਿਹਾ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇਗੀ ਅਤੇ ਜਿਸ ਕਿਸੇ ਨੇ ਵੀ ਗਲਤੀ ਕੀਤੀ ਹੈ ਉਸ ਖਿਲਾਫ ਕਾਰਵਾਈ ਹੋਵੇਗੀ।