ਸਿਆਸਤ ਵਿੱਚ ਪਰਿਵਾਰਵਾਦ (ETV BHARAT (ਪੱਤਰਕਾਰ, ਬਠਿੰਡਾ)) ਬਠਿੰਡਾ: ਪੰਜਾਬ ਦੀ ਰਾਜਨੀਤੀ ਵਿੱਚ ਹਮੇਸ਼ਾ ਹੀ ਪਰਿਵਾਰਵਾਦ ਦਾ ਮੁੱਦਾ ਭਾਰੀ ਰਿਹਾ ਹੈ। ਪਿਛਲੇ ਕਰੀਬ ਦੋ ਦਹਾਕਿਆਂ ਤੋਂ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਵੱਖ-ਵੱਖ ਸਿਆਸੀ ਪਾਰਟੀਆਂ 'ਤੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਵੱਲੋਂ ਪਰਿਵਾਰਵਾਦ ਨੂੰ ਲੈ ਕੇ ਸਵਾਲ ਉਠਾਏ ਜਾਂਦੇ ਸਨ। ਪੰਜਾਬ ਦੀ ਰਾਜਨੀਤੀ ਨੂੰ ਪਰਿਵਾਰਵਾਦ ਮੁਕਤ ਕਰਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਅਹਿਮ ਮੁੱਦਾ ਬਣਾ ਕੇ ਚੋਣਾਂ ਲੜੀਆਂ ਗਈਆਂ ਸਨ। ਹੁਣ ਪਰਿਵਾਰਵਾਦ ਦਾ ਮੁੱਦਾ ਆਮ ਆਦਮੀ ਪਾਰਟੀ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ ਕਿਉਂਕਿ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਮੁੱਖ ਮੰਤਰੀ ਬਣੇ ਭਗਵੰਤ ਮਾਨ ਲਗਾਤਾਰ ਪਰਿਵਾਰਵਾਦ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਹਨ।
ਭਗਵੰਤ ਮਾਨ ਦੂਜਿਆਂ ਦੇ ਸਾਧਦੇ ਸੀ ਨਿਸ਼ਾਨੇ: ਭਗਵੰਤ ਮਾਨ ਦੀ ਪਤਨੀ, ਮਾਤਾ ਅਤੇ ਭੈਣ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਕੰਮਾਂ ਵਿੱਚ ਦਖਲ ਦਿੱਤੇ ਜਾਣ ਕਾਰਨ ਵਿਰੋਧੀਆਂ ਵੱਲੋਂ ਲਗਾਤਾਰ ਪਰਿਵਾਰਵਾਦ ਨੂੰ ਲੈ ਕੇ ਭਗਵੰਤ ਮਾਨ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਜਾ ਰਹੇ ਹਨ। ਪਰਿਵਾਰਵਾਦ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਅਤੇ ਉਨਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸਨ ਅਤੇ ਉਨਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਸਨ। ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੇ ਰਾਜਨੀਤੀ ਵਿੱਚ ਹੋਣ ਨੂੰ ਲੈ ਕੇ ਭਗਵੰਤ ਮਾਨ ਵੱਲੋਂ ਲਗਾਤਾਰ ਬਾਦਲ ਪਰਿਵਾਰ 'ਤੇ ਨਿਸ਼ਾਨੇ ਸਾਧੇ ਜਾਂਦੇ ਰਹੇ ਹਨ। ਪਰ ਹੁਣ ਸੱਤਾ ਵਿੱਚ ਆਉਣ ਤੋਂ ਬਾਅਦ ਭਗਵੰਤ ਮਾਨ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸਰਕਾਰ ਦੇ ਕੰਮਾਂ ਵਿੱਚ ਕੀਤੀ ਜਾ ਰਹੀ ਦਖ਼ਲਅੰਦਾਜੀ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਹਨ।
ਸਰਕਾਰੀ ਕੰਮਾਂ 'ਚ ਦਖ਼ਲ ਦੇ ਰਿਹਾ CM ਦਾ ਪਰਿਵਾਰ: ਜਲੰਧਰ ਵਿਖੇ ਹੋਣ ਜਾ ਰਹੀ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਪੰਜਾਬ ਸਰਕਾਰ ਦੇ ਕਾਮਾਕਾਰਾਂ ਨੂੰ ਲੈ ਕੇ ਦਿੱਤੇ ਜਾ ਰਹੇ ਆਦੇਸ਼ਾਂ 'ਤੇ ਸਵਾਲ ਉੱਠਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਮੁੱਖ ਮੰਤਰੀ ਪੰਜਾਬ ਤੋਂ ਸਵਾਲ ਪੁੱਛਿਆ ਹੈ ਕਿ ਆਖਿਰ ਕਿਸ ਅਧਿਕਾਰ ਨਾਲ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਪੰਜਾਬ ਸਰਕਾਰ ਦੇ ਕੰਮਾਂ ਵਿੱਚ ਦਖ਼ਲਅੰਦਾਜੀ ਕੀਤੀ ਜਾ ਰਹੀ ਹੈ, ਕੀ ਹੁਣ ਇਹ ਪਰਿਵਾਰਵਾਦ ਨਹੀਂ ਹੈ। ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਸੁਰੱਖਿਆ ਨਾ ਲੈਣ ਦੇ ਦਾਅਵੇ ਕੀਤੇ ਜਾ ਰਹੇ ਸਨ, ਅੱਜ ਉਹ ਸਭ ਤੋਂ ਵੱਧ ਸੁਰੱਖਿਆ ਨਾਲ ਲੈ ਕੇ ਚਲਦੇ ਹਨ। ਹੋਰ ਤਾਂ ਹੋਰ ਮੁੱਖ ਮੰਤਰੀ ਭਗਵੰਤ ਮਾਨ ਦਾ ਪਰਿਵਾਰ ਵੱਡੀ ਸੁਰੱਖਿਆ ਲੈ ਕੇ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਭਗਵੰਤ ਮਾਨ ਲੋਕਾਂ ਨਾਲ ਕੀਤੇ ਹੋਏ ਵਾਅਦੇ ਭੁੱਲ ਗਏ ਹਨ ਅਤੇ ਉਨਾਂ ਗੱਲਾਂ ਨੂੰ ਦੁਹਰਾ ਰਹੇ ਹਨ ਜਿੰਨਾਂ ਗੱਲਾਂ ਕਰਕੇ ਵਿਰੋਧੀਆਂ 'ਤੇ ਨਿਸ਼ਾਨੇ ਸਾਧਦੇ ਸਨ। ਜਿਸ ਕਾਰਨ ਲੋਕਾਂ ਦਾ ਭਗਵੰਤ ਮਾਨ ਸਰਕਾਰ ਤੋਂ ਵਿਸ਼ਵਾਸ ਉਠ ਗਿਆ ਹੈ।
ਵਾਅਦੇ ਨਹੀਂ ਕੀਤੇ ਹੁਣ ਤੱਕ ਪੂਰੇ:ਭਾਰਤੀ ਜਨਤਾ ਪਾਰਟੀ ਦੀ ਐਗਜੈਕਟਿਵ ਮੈਂਬਰ ਮਮਤਾ ਜੈਨ ਦਾ ਕਹਿਣਾ ਹੈ ਕਿ ਭਗਵੰਤ ਮਾਨ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਅਤੇ ਬੜੇ ਵੱਡੇ ਸਬਜਬਾਗ ਦਿਖਾਏ ਗਏ ਸਨ। ਪਰ ਕੁਰਸੀ ਮਿਲਦਿਆਂ ਹੀ ਭਗਵੰਤ ਮਾਨ ਵੱਲੋਂ ਸਭ ਤੋਂ ਪਹਿਲਾਂ ਆਪਣੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ, ਆਪਣੀ ਸੁਰੱਖਿਆ ਦੇ ਨਾਲ-ਨਾਲ ਪਰਿਵਾਰ ਨੂੰ ਵੀ ਵੱਡੀ ਸੁਰੱਖਿਆ ਦਿੱਤੀ ਗਈ। ਪਰਿਵਾਰਵਾਦ ਨੂੰ ਲੈ ਕੇ ਵਿਰੋਧੀਆਂ 'ਤੇ ਨਿਸ਼ਾਨੇ ਸਾਧਣ ਵਾਲੇ ਭਗਵੰਤ ਮਾਨ ਅੱਜ ਸਭ ਤੋਂ ਵੱਧ ਪਰਿਵਾਰਵਾਦ ਨੂੰ ਤਰਜੀਹ ਦੇ ਰਹੇ ਹਨ। ਉਹਨਾਂ ਦੇ ਪਰਿਵਾਰਕ ਮੈਂਬਰ ਉਨਾਂ ਦੀ ਧਰਮ ਪਤਨੀ, ਭੈਣ ਅਤੇ ਮਾਤਾ ਵੱਲੋਂ ਪੰਜਾਬ ਸਰਕਾਰ ਦੇ ਕੰਮਾਂ ਵਿੱਚ ਦਖਲ ਦਿੱਤਾ ਜਾ ਰਿਹਾ ਹੈ। ਆਖਿਰ ਕਿਉਂ ਭਗਵੰਤ ਮਾਨ ਨੂੰ ਹੁਣ ਆਪਣੇ ਕੀਤੇ ਹੋਏ ਵਾਅਦੇ ਯਾਦ ਨਹੀਂ ਆ ਰਹੇ। ਆਖਿਰ ਕਿਉਂ ਭਗਵੰਤ ਮਾਨ ਵੱਲੋਂ ਕੀਤੇ ਹੋਏ ਵਾਅਦਿਆਂ ਨੂੰ ਨਿਭਾਇਆ ਨਹੀਂ ਜਾ ਰਿਹਾ। ਉਹਨਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਭਗਵੰਤ ਮਾਨ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਸੱਤਾ ਦਾ ਨਿੱਘ ਮਾਣ ਰਹੇ ਹਨ। ਲੋਕਾਂ ਨੂੰ ਹੁਣ ਭਗਵੰਤ ਮਾਨ ਦੀ ਅਸਲੀਅਤ ਦਾ ਪਤਾ ਲੱਗ ਚੁੱਕਿਆ ਹੈ ਅਤੇ ਭਗਵੰਤ ਮਾਨ ਨੂੰ ਇਸ ਦਾ ਖਮਿਆਜਾ ਚੋਣਾਂ ਵਿੱਚ ਭੁਗਤਣਾ ਪਵੇਗਾ।