ਮੂਸਾ (ਮਾਨਸਾ): ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਅੱਜ ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਅਤੇ ਬਾਪੂ ਬਲਕੌਰ ਸਿੰਘ ਵੱਲੋਂ ਛੋਟੇ ਸਿੱਧੂ ਮੂਸੇਵਾਲਾ ਦੀ ਲੋਹੜੀ ਮਨਾਈ ਗਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਦੀ ਹਵੇਲੀ ਦੇ ਵਿੱਚ ਫਿਰ ਤੋਂ ਰੌਣਕਾਂ ਪਰਤ ਆਈਆਂ ਹਨ। ਬੇਸ਼ੱਕ ਮਰਹੂਮ ਸਿੱਧੂ ਮੂਸੇਵਾਲਾ ਦੀ ਘਾਟ ਪੂਰੀ ਨਹੀਂ ਕੀਤੀ ਜਾ ਸਕਦੀ ਪਰ ਫਿਰ ਤੋਂ ਸਾਨੂੰ ਤਿਉਹਾਰ ਮਨਾਉਣ ਦੇ ਲਈ ਪਰਮਾਤਮਾ ਨੇ ਖੁਸ਼ੀ ਦਿੱਤੀ ਹੈ। ਇਸ ਮੌਕੇ ਮੂਸੇਵਾਲਾ ਦੇ ਪਿਤਾ ਭਾਵੁਕ ਹੁੰਦੇ ਵੀ ਨਜ਼ਰ ਆਏ।
ਪਹਿਲੀ ਲੋਹੜੀ ਦੇ ਨਾਲ ਗੀਤ ਦੀ ਸ਼ੂਟਿੰਗ ਸ਼ੁਰੂ
ਬਲਕੌਰ ਸਿੰਘ ਨੇ ਕਿ ਕਿਹਾ ਕਿ ਜਲਦ ਹੀ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕਰਾਂਗੇ ਅਤੇ ਉਸ ਦੀ ਸ਼ੂਟਿੰਗ ਅੱਜ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਪਿੰਡ ਵਾਸੀਆਂ ਵੱਲੋਂ ਵੀ ਸ਼ਾਮਿਲ ਹੋ ਕੇ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ। ਬਲਕੌਰ ਸਿੰਘ ਨੇ ਅੱਗੇ ਕਿਹਾ ਕਿ ਮਰਹੂਮ ਸਿੱਧੂ ਮੂਸੇਵਾਲਾ ਵੱਲੋਂ ਮੌਤ ਤੋਂ ਪਹਿਲਾਂ ਗੀਤ ਰਿਕਾਰਡ ਕੀਤਾ ਗਿਆ ਸੀ ਅਤੇ ਅੱਜ ਉਸ ਗੀਤ ਦੀ ਸ਼ੂਟਿੰਗ ਵੀ ਛੋਟੇ ਸਿੱਧੂ ਮੂਸੇਵਾਲਾ ਦੀ ਪਹਿਲੀ ਲੋਹੜੀ ਦੇ ਨਾਲ ਸ਼ੁਰੂ ਕੀਤੀ ਗਈ ਹੈ।
ਨਵਾਂ ਗੀਤ ਪਾਵੇਗਾ ਧਮਾਲਾਂ
ਮੂਸੇਵਾਲਾ ਦੇ ਪਿਤਾ ਨੇ ਆਖਿਆ ਕਿ ਜਿਵੇਂ ਜਿਉਂਦੇ ਜੀਅ ਮਰਹੂਮ ਗਾਇਕ ਦੇ ਗੀਤ ਪੂਰੀ ਦੁਨੀਆਂ ਵਿੱਚ ਛਾਅ ਜਾਂਦੇ ਸਨ ਉਸੇ ਤਰ੍ਹਾਂ ਇਹ ਮੂਸੇਵਾਲਾ ਦੀ ਅਵਾਜ਼ ਵਿੱਚ ਗਾਇਆ ਗੀਤ ਵੀ ਪੂਰੀ ਦੁਨੀਆਂ ਵਿੱਚ ਮਕਬੂੂਲ ਹੋਵੇਗਾ ਅਤੇ ਉਮੀਦ ਹੈ ਕਿ ਮੂਸੇਵਾਲਾ ਦੇ ਹੋਰ ਗੀਤਾਂ ਦੀ ਤਰ੍ਹਾਂ ਇਹ ਗੀਤ ਵੀ ਬਿੱਲ ਬੋਰਡ ਦੀਆਂ ਬਲੰਦੀਆਂ ਨੂੰ ਛੂਹੇਗਾ।
ਪਿੰਡ ਵਾਸੀਆਂ ਨੇ ਸਾਂਝੀਆਂ ਕੀਤੀਆਂ ਖੁਸ਼ੀਆਂ
ਪਿੰਡ ਵਾਸੀਆਂ ਨੇ ਕਿਹਾ ਕਿ ਅੱਜ ਫਿਰ ਤੋਂ ਮੂਸੇ ਵਾਲਾ ਦੀ ਹਵੇਲੀ ਦੇ ਵਿੱਚ ਰੌਣਕਾਂ ਪਰਤ ਆਈਆਂ ਹਨ ਕਿਉਂਕਿ ਅੱਜ ਛੋਟੇ ਸਿੱਧੂ ਮੂਸਾ ਦੀ ਹਵੇਲੀ ਦੇ ਵਿੱਚ ਲੋਹੜੀ ਮਨਾਈ ਜਾ ਰਹੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਵੱਡੇ ਸਿੱਧੂ ਦੇ ਇਸ ਦੁਨੀਆਂ ਤੋਂ ਚਲੇ ਜਾਣ ਦੇ ਨਾਲ ਪੂਰਾ ਪਿੰਡ ਗਮਗੀਨ ਸੀ ਅਤੇ ਉਨ੍ਹਾਂ ਦਾ ਵਿਛੋੜਾ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਪਰ ਪਰਮਾਤਮਾ ਨੇ ਲੱਖਾਂ ਲੋਕਾਂ ਦੀਆਂ ਦੁਆਵਾਂ ਸਦਕਾ ਛੋਟੇ ਸਿੱਧੂ ਨੂੰ ਫਿਰ ਤੋਂ ਹਵੇਲੀ ਦੇ ਵਿੱਚ ਭੇਜਿਆ ਹੈ, ਜਿਸ ਦੀ ਅੱਜ ਪਹਿਲੀ ਲੋਹੜੀ ਮਨਾਈ ਜਾ ਰਹੀ ਹੈ।