ਲੁਧਿਆਣਾ: ਲੋਹੜੀ ਮੌਕੇ ਜਿੱਥੇ ਸਾਰਾ ਪੰਜਾਬ ਅੱਜ ਤਿਉਹਾਰ ਮਨਾ ਰਿਹਾ ਹੈ ਅਤੇ ਪਤੰਗਬਾਜ਼ੀ ਕਰ ਰਿਹਾ ਹੈ ਉੱਥੇ ਹੀ ਅੱਜ ਲੁਧਿਆਣਾ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਦੇ ਮਾਧੋਪੁਰੀ ਗਲੀ ਨੰਬਰ 3 ਦੇ ਵਿੱਚ ਇੱਕ ਗਿਆਰਾਂ ਸਾਲ ਦੀ ਬੱਚੀ ਦੇ ਸਿਰ ‘ਚ ਹਵਾਈ ਫਾਇਰਿੰਗ ਦੌਰਾਨ ਗੋਲੀ ਲੱਗੀ।
ਸਿਵਲ ਹਸਪਤਾਲ ਵਿੱਚ ਭਰਤੀ ਕਰਵਾਈ ਬੱਚੀ
ਜਿਸ ਤੋਂ ਬਾਅਦ ਜ਼ਖਮੀ ਹਾਲਤ 'ਚ ਬੱਚੀ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਥਾਣਾ ਬਸਤੀ ਜੌਧੇਵਾਲ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਇਲਾਕੇ ਦੀਆਂ ਕਈ ਛੱਤਾਂ ਉੱਤੇ ਪੁਲਿਸ ਵੱਲੋਂ ਡਰੋਨ ਦੀ ਮਦਦ ਵੀ ਲਈ ਜਾ ਰਹੀ ਹੈ, ਜ਼ਖ਼ਮੀ ਬੱਚੀ ਦੀ ਪਹਿਚਾਣ ਆਸ਼ੀਅਨਾ ਦੇ ਰੂਪ ਵਿੱਚ ਹੋਈ ਹੈ।
ਛੱਤ 'ਤੇ ਖੇਡ ਰਹੀ ਸੀ ਬੱਚੀ
ਜਾਣਕਾਰੀ ਸਾਂਝੀ ਕਰਦੇ ਹੋਏ ਏਸੀਪੀ ਦਵਿੰਦਰ ਕੁਮਾਰ ਚੌਧਰੀ ਨੇ ਦੱਸਿਆ ਕਿ ਦੁਪਹਿਰ ਵੇਲੇ ਇਹ ਹਾਦਸਾ ਹੋਇਆ ਜਦੋਂ ਬੱਚੀ ਛੱਤ ਉੱਤੇ ਖੇਡ ਰਹੀ ਸੀ ਤਾਂ ਉਸ ਦੇ ਸਿਰ 'ਚ ਜਾਕੇ ਗੋਲੀ ਲੱਗੀ। ਉਹਨਾਂ ਕਿਹਾ ਕਿ ਗੋਲੀ ਵਾਲਾਂ ਦੇ ਵਿੱਚ ਫਸ ਗਈ। ਜਿਸ ਕਰਕੇ ਜ਼ਿਆਦਾ ਸੱਟ ਨਹੀਂ ਲੱਗੀ। ਉਹਨਾਂ ਕਿਹਾ ਕਿ ਬੱਚੀ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ।
'ਮਾਮਲੇ ਦੀ ਕਰ ਰਹੇ ਹਾਂ ਜਾਂਚ'
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਇਹ ਘਟਨਾ ਨਿਊ ਮਾਧੋਪੁਰੀ ਦੇ ਤਿੰਨ ਨੰਬਰ ਗਲੀ ਵਿੱਚ ਵਾਪਰੀ ਹੈ। ਪੁਲਿਸ ਵੱਲੋਂ ਨੇੜੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਗਏ ਹਨ। ਦਵਿੰਦਰ ਚੌਧਰੀ ਨੇ ਦੱਸਿਆ ਕਿ ਕਿਸੇ ਨੇ ਹਵਾਈ ਫਾਇਰ ਕੀਤਾ ਹੈ, ਜਿਸ ਕਰਕੇ ਇਹ ਗੋਲੀ ਬੱਚੀ ਦੇ ਸਿਰ ਵਿੱਚ ਲੱਗੀ ਹੈ।
ਬੱਚੀ ਦੀ ਪਹਿਚਾਣ 11 ਸਾਲ ਦੀ ਆਸ਼ੀਅਨਾ ਦੇ ਵਜੋਂ ਹੋਈ ਹੈ। ਜਦੋਂ ਬੱਚੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਉਸ ਤੋਂ ਬਾਅਦ ਬੱਚੀਂ ਦੇ ਸਿਰ ਵਿੱਚੋਂ ਗੋਲੀ ਕੱਢ ਦਿੱਤੀ ਗਈ। ਬੱਚੀ ਦੇ ਪਰਿਵਾਰ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਜਿਸ ਕਿਸੇ ਨੇ ਵੀ ਇਹ ਕਾਰਨਾਮਾ ਕੀਤਾ ਹੈ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਪੁਲਿਸ ਵੱਲੋਂ ਨੇੜੇ ਦੀਆਂ ਛੱਤਾਂ 'ਤੇ ਜਿੱਥੇ ਵੀ ਲੋਹੜੀ ਦੇ ਮੌਕੇ ਡੀਜੇ ਆਦਿ ਚਲਾਏ ਜਾ ਰਹੇ ਸਨ, ਉੱਥੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।