ਲੁਧਿਆਣਾ:ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਸਿਆਸਤ ਭਖੀ ਹੋਈ ਹੈ, ਇਕ ਪਾਸੇ ਜਿੱਥੇ ਇਕ ਤੋਂ ਬਾਅਦ ਇਕ ਦਲ ਬਦਲੀਆਂ ਚੱਲ ਰਹੀਆਂ ਹਨ, ਉੱਥੇ ਹੀ, ਦੂਜੇ ਪਾਸੇ ਆਪ ਐਮਐਲਏ ਮੁੜ ਤੋਂ ਆਪਰੇਸ਼ਨ ਲੋਟਸ ਉੱਤੇ ਭਾਜਪਾ ਉੱਤੇ ਇਲਜ਼ਾਮ ਲਾ ਰਹੇ ਹਨ। ਪੰਜਾਬ ਦੇ 3 ਵਿਧਾਇਕਾਂ ਵੱਲੋਂ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਾਏ ਹਨ ਕਿ ਵਿਦੇਸ਼ੀ ਨੰਬਰਾਂ ਤੋਂ ਕਾਲ ਕਰਕੇ ਉਨ੍ਹਾਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ, ਉਨ੍ਹਾਂ ਨੂੰ ਵੱਡੇ ਅਹੁਦੇ, ਲੋਕ ਸਭਾ ਚੋਣਾਂ ਲਈ ਟਿਕਟਾਂ ਅਤੇ ਜਾਂ ਫਿਰ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ। ਪ੍ਰੈਸ ਕਾਨਫਰੰਸ ਕਰਨ ਵਾਲੇ ਵਿਧਾਇਕਾਂ ਵਿੱਚ ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਐਮਐਲਏ ਰਜਿੰਦਰ ਪਾਲ ਕੌਰ ਛੀਨਾ, ਜਗਦੀਪ ਕੰਬੋਜ ਅਤੇ ਅਮਨਦੀਪ ਮੁਸਾਫਿਰ ਸ਼ਾਮਿਲ ਸਨ।
ਉੱਥੇ ਹੀ, ਦੂਜੇ ਪਾਸੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਬੀਤੇ ਦਿਨ ਸ਼ਾਮਿਲ ਹੋਏ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਨੇ ਵੀ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਗਾਏ ਹਨ ਕਿ ਸਾਨੂੰ ਆਪਰੇਸ਼ਨ ਲੋਟਸ ਸਬੰਧੀ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਆਪ ਦੇ ਭਾਜਪਾ ਉੱਤੇ ਇਲਜ਼ਾਮ:ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ, ਜਗਦੀਪ ਕੰਬੋਜ ਅਤੇ ਅਮਨਦੀਪ ਮੁਸਾਫਿਰ ਵੱਲੋਂ ਪ੍ਰੈਸ ਕਾਨਫਰਸ ਕਰਕੇ ਇਲਜ਼ਾਮ ਲਗਾਏ ਗਏ ਹਨ ਕਿ ਉਨ੍ਹਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਫੋਨ ਆ ਰਹੇ ਹਨ ਅਤੇ ਉਨ੍ਹਾਂ ਨੂੰ ਵੱਡੇ ਵੱਡੇ ਲਾਲਚ ਦਿੱਤੇ ਜਾ ਰਹੇ ਹਨ। ਉਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਜਾਂ ਤਾਂ ਤੁਸੀਂ ਵੱਡਾ ਅਹੁਦਾ ਲੈ ਸਕਦੇ ਹੋ ਜਾਂ ਫਿਰ ਸੀਟ ਲੈ ਸਕਦੇ ਹੋ ਨਹੀਂ, ਤਾਂ ਅਸੀਂ ਪੈਸਿਆਂ ਦੀ ਵੀ ਗੱਲ ਕਰ ਸਕਦੇ ਹਨ। ਇਨ੍ਹਾਂ ਵਿਧਾਇਕਾਂ ਵੱਲੋਂ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹ ਵੱਡੇ ਇਲਜ਼ਾਮ ਭਾਜਪਾ ਉੱਤੇ ਲਗਾਏ ਗਏ ਹਨ ਅਤੇ ਕਿਹਾ ਗਿਆ ਹੈ ਕਿ ਐਮਐਲਏਆਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਧਰ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਦੇ ਜਾਣ ਦੇ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਪੱਕੇ ਸਿਪਾਹੀ ਹਾਂ। ਭਾਜਪਾ ਚਾਹੇ ਜਿੰਨੇ ਮਰਜ਼ੀ ਉਮੀਦਵਾਰਾਂ ਨੂੰ ਜਾਂ ਫਿਰ ਲੀਡਰਾਂ ਨੂੰ ਧਮਕੀਆਂ ਦੇ ਦੇਵੇ ਜਿਹੜੇ ਇਮਾਨਦਾਰ ਸਿਪਾਹੀ ਹਨ, ਉਹ ਉਨ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ। ਐਮਐਲਏ ਨੇ ਕਿਹਾ ਕਿ ਭਾਜਪਾ ਨੂੰ ਪੰਜਾਬ ਵਿੱਚ ਲੋਕ ਮੂੰਹ ਨਹੀਂ ਲਾਉਣਗੇ। ਆਮ ਆਦਮੀ ਪਾਰਟੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਡੱਟ ਕੇ ਲੜੀ ਸੀ ਅਤੇ ਇਸ ਵਾਰ ਵੀ ਡਟ ਕੇ ਲੜ ਰਹੀ ਹੈ।
ਭਾਜਪਾ ਵਿੱਚ ਗਏ ਆਪ ਆਗੂਆਂ ਦੇ ਖੁਲਾਸੇ:ਉਧਰ ਦੂਜੇ ਪਾਸੇ, ਭਾਜਪਾ ਵਿੱਚ ਗਏ ਆਮ ਆਦਮੀ ਪਾਰਟੀ ਦੇ ਜਲੰਧਰ ਸੀਟ ਤੋਂ ਉਮੀਦਵਾਰ ਅਤੇ ਜਲੰਧਰ ਤੋਂ ਹੀ ਵਿਧਾਇਕ ਸ਼ੀਤਲ ਅਗੁੰਰਾਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਦਾਅਵਾ ਕੀਤਾ ਗਿਆ ਹੈ ਕਿ ਆਪਰੇਸ਼ਨ ਲੋਟਸ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਉਨ੍ਹਾਂ ਨੂੰ ਸ਼ਿਕਾਇਤ ਕਰਨ ਲਈ ਮਜਬੂਰ ਕੀਤਾ ਗਿਆ ਸੀ। ਸ਼ੀਤਲ ਅੰਗੂਰਾਲ ਨੇ ਕਿਹਾ ਹੈ ਕਿ ਸਾਨੂੰ ਸ਼ਿਕਾਇਤ ਤੋਂ ਇੱਕ ਦਿਨ ਪਹਿਲਾਂ ਦਫ਼ਤਰ ਵਿੱਚ ਬੁਲਾਇਆ ਗਿਆ ਸੀ, ਉੱਥੇ ਪਹਿਲਾਂ ਹੀ 11 ਵਿਧਾਇਕ ਮੌਜੂਦ ਸਨ ਅਤੇ ਸਾਨੂੰ ਪੰਜਾਬ ਦੇ ਡੀਜੀਪੀ ਕੋਲ ਸਬੰਧੀ ਸ਼ਿਕਾਇਤ ਦੇਣ ਲਈ ਕਿਹਾ ਗਿਆ ਸੀ। ਉਧਰ ਦੂਜੇ ਪਾਸੇ, ਲਗਾਤਾਰ ਭਾਜਪਾ ਇਸ ਗੱਲ ਨੂੰ ਲੈ ਕੇ ਸਵਾਲ ਖੜੇ ਕਰ ਰਹੀ ਹੈ।
ਭਾਜਪਾ ਲੁਧਿਆਣਾ ਤੋਂ ਬੁਲਾਰੇ ਗੁਰਦੀਪ ਗੋਸ਼ਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਸਬੰਧੀ ਬਕਾਇਦਾ ਇੱਕ ਦਿਨ ਦਾ ਸੈਸ਼ਨ ਵੀ ਸੱਦਿਆ ਗਿਆ ਸੀ। ਭਾਜਪਾ ਤੇ ਆਪਰੇਸ਼ਨ ਲੋਟਸ ਦੇ ਇਗਜ਼ਾਮ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਖੁਦ ਹੀ ਅਣਪਛਾਤਿਆਂ ਉੱਤੇ ਮਾਮਲਾ ਦਰਜ ਕੀਤਾ ਅਤੇ ਉਸ ਮਾਮਲੇ ਦੀ ਜਾਂਚ ਤੱਕ ਵੀ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਹ ਸਭ ਡਰਾਮੇਬਾਜ਼ੀ ਹੈ, ਇਨ੍ਹਾਂ ਦੇ ਆਗੂ ਪਾਰਟੀ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਚੁੱਕੇ ਹਨ ਜਿਸ ਕਰਕੇ ਉਹ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ।