ਪਠਾਨਕੋਟ:ਅਮਰੀਕਾ ਵਿਖੇ ਰੋਜ਼ੀ ਰੋਟੀ ਕਮਾਣ ਗਏ ਜ਼ਿਲ੍ਹਾ ਪਠਾਨਕੋਟ ਦੇ ਇੱਕ ਸ਼ਖਸ ਦੀ ਅਮਰੀਕਾ ਵਿੱਚ ਸ਼ੱਕੀ ਹਾਲਾਤਾਂ 'ਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਮ੍ਰਿਤਕ ਅਮਨਦੀਪ ਸਿੰਘ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਧੁੱਪਸੜੀ ਦਾ ਰਹਿਣ ਵਾਲਾ ਹੈ। ਮ੍ਰਿਤਕ ਦੋ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ। ਆਪਣੇ ਪਿੱਛੇ 4 ਸਾਲ ਦਾ ਬੇਟਾ, 9 ਸਾਲ ਦੀ ਬੇਟੀ ਅਤੇ ਪਰਿਵਾਰ ਦੇ ਬਾਕੀ ਮੈਂਬਰ ਛੱਡ ਗਿਆ ਹੈ। ਪਰਿਵਾਰ ਨੇ ਸਰਕਾਰ ਕੋਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਹੈ।
ਪਿੰਡ ਵਿੱਚ ਛਾਇਆ ਮਾਤਮ
ਪੰਜਾਬ ਦੇ ਕਈ ਨੌਜਵਾਨ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਅਤੇ ਇਦਾਂ ਦਾ ਹੀ ਇੱਕ ਨੌਜਵਾਨ ਸੀ ਪਿੰਡ ਧੁੱਪਸੜੀ ਵਿਧਾਨ ਸਭਾ ਹਲਕਾ ਭੋਆ ਦਾ ਰਹਿਣ ਵਾਲਾ ਅਮਨਦੀਪ ਸਿੰਘ, ਜੋ ਕਿ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਸ ਦੀ ਮੌਤ ਦੀ ਖ਼ਬਰ ਜਦੋਂ ਪਿੰਡ ਪੁੱਜੀ ਤਾਂ ਪਿੰਡ ਵਿੱਚ ਮਾਤਮ ਛਾ ਗਿਆ। ਅਮਨਦੀਪ ਸਿੰਘ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ ਜਿਸ ਦੇ ਦੋ ਛੋਟੇ ਛੋਟੇ ਬੱਚੇ ਵੀ ਹਨ, ਜੋ ਰੋਂਦੇ ਬਿਲਖਦੇ ਦਿਖਾਈ ਦਿੱਤੇ। ਪਿਤਾ ਨੇ ਰੋਂਦੇ ਹੋਏ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਅਮਨਦੀਪ ਸਿੰਘ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਵਾਪਸ ਲਿਆਂਦੀ ਜਾਵੇ।