ਸੰਗਰੂਰ:ਇੱਕ ਪਾਸੇ ਪੰਜਾਬ ਵਿੱਚ ਚੋਣ ਜਾਬਤਾ ਲੱਗਿਆ ਹੋਇਆ ਹੈ, ਪੁਲਿਸ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਸਾਡੇ ਵੱਲੋਂ ਨਾਕਾਬੰਦੀ ਵਧਾਈ ਗਈ ਹੈ, ਰਾਤ ਦੇ ਸਮੇਂ ਵੀ ਨਾਕਾ ਲਾ ਲਾ ਕੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਪਰ ਦੂਸਰੇ ਪਾਸੇ ਚੋਰ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪਰ ਪੁਲਿਸ ਪ੍ਰ਼ਸਾਸ਼ਨ ਵੱਲੋਂ ਇਹਨਾਂ ਉੱਤੇ ਕੋਈ ਵੀ ਸਖਤੀ ਨਹੀਂ ਕੀਤੀ ਜਾ ਰਹੀ ਜੇਕਰ ਸਖਤੀ ਕੀਤੀ ਵੀ ਜਾ ਰਹੀ ਹੈ ਤਾਂ ਇਹਨਾਂ ਚੋਰਾਂ ਨੂੰ ਪੁਲਿਸ ਪ੍ਰਸ਼ਾਸ਼ਨ ਦਾ ਕੋਈ ਵੀ ਡਰ ਨਹੀਂ ਹੈ, ਜਿਸ ਕਾਰਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਅਜਿਹਾ ਹੀ ਇੱਕ ਤਾਜ਼ਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬਰਨਾਲਾ ਰੋਡ ਸਥਿਤ ਪੁਲਿਸ ਲਾਈਨ ਅਤੇ ਰਜਵਾਹੇ ਨੇੜੇ ਮੈਡੀਕਲ ਦੁਕਾਨ ਵਿੱਚੋਂ 1 ਲੱਖ 25 ਹਜ਼ਾਰ ਰੁਪਏ ਚੋਰੀ ਹੋ ਗਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੁਕਾਨ ਤੋਂ ਸਿਰਫ਼ 50 ਗਜ਼ ਦੀ ਦੂਰੀ ਤੇ ਪੁਲਿਸ ਸਟੇਸ਼ਨ ਵੀ ਸਥਿਤ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸੈਫ਼ੀ ਮੈਡੀਕਲ ਹਾਲ ਦੇ ਮਾਲਕ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 1 ਵਜੇ ਆਪਣੀ ਨੂਹ ਨੂੰ ਹਸਪਤਾਲ ਚੋਂ ਛੁੱਟੀ ਦਿਵਾਉਣ ਲਈ ਗਿਆ ਅਤੇ ਜਾਣ ਵੇਲੇ ਦੁਕਾਨ ਦਾ ਸ਼ੀਸ਼ੇ ਵਾਲਾ ਗੇਟ ਲੌਕ ਕਰਕੇ ਤੇ ਸ਼ਟਰ ਅੱਧਾ ਹੇਠਾਂ ਕਰਕੇ ਜਾਂਦਾ ਗਿਆ। ਜਦੋਂ ਮੈਂ ਦੁਕਾਨ ’ਤੇ ਵਾਪਸ ਆਇਆ ਤਾਂ ਦੁਕਾਨ ਦਾ ਸ਼ਟਰ ਅਤੇ ਸ਼ੀਸ਼ੇ ਵਾਲਾ ਗੇਟ ਖੁੱਲ੍ਹਾ ਪਿਆ ਸੀ।