ਬਠਿੰਡਾ :ਇਨੀ ਦਿਨੀਂ ਅਵਾਰਾ ਕੁੱਤਿਆਂ ਦਾ ਕਹਿਰ ਜ਼ੋਰਾਂ 'ਤੇ ਹੈ ਅਤੇ ਕੁੱਤਿਆਂ ਦੇ ਕੱਟਣ ਦੇ ਰੋਜ਼ਾਨਾ ਸਰਕਾਰੀ ਹਸਪਤਾਲ ਵਿੱਚ 10 ਤੋਂ 12 ਮਰੀਜ਼ ਇਲਾਜ ਲਈ ਆ ਰਹੇ ਹਨ। ਪਿਛਲੇ ਇੱਕ ਮਹੀਨੇ ਵਿੱਚ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ 350 ਤੋਂ ਉੱਪਰ ਮਰੀਜ਼ ਅਜਿਹੇ ਸਾਹਮਣੇ ਆਏ ਹਨ, ਜਿਨਾਂ ਨੂੰ ਸਿਰਫ ਕੁੱਤਿਆਂ ਵੱਲੋਂ ਕੱਟਿਆ ਗਿਆ ਹੈ। ਐਡੀ ਵੱਡੀ ਗਿਣਤੀ ਵਿੱਚ ਕੁੱਤਿਆਂ ਵੱਲੋਂ ਕੱਟੇ ਜਾਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਮ ਲੋਕਾਂ ਵੱਲੋਂ ਇਸ 'ਤੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਗਲ੍ਹੀਆਂ/ਮੁਹੱਲਿਆਂ ਵਿੱਚ ਵੱਡੀ ਗਿਣਤੀ ਵਿੱਚ ਝੁੰਡ ਬਣਾ ਕੇ ਘੁੰਮ ਰਹੇ ਇਹਨਾਂ ਕੁੱਤਿਆਂ ਤੋਂ ਨਿਜਾਤ ਦਿਵਾਈ ਜਾਵੇ ਕਿਉਂਕਿ ਇਹਨਾਂ ਕੁੱਤਿਆਂ ਵੱਲੋਂ ਅਕਸਰ ਹੀ ਰਾਹਗੀਰਾਂ ਅਤੇ ਗਲ੍ਹੀਆਂ ਵਿੱਚ ਖੇਡਦੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਕੁੱਤਿਆਂ ਦਾ ਸ਼ਿਕਾਰ ਹੋਏ ਮਨੁੱਖ ਵਿੱਚ ਹਲਕਾ ਦੀ ਬਿਮਾਰੀ ਜੋ ਕਿ ਲਾ ਇਲਾਜ ਹੈ, ਫੈਲਣ ਦਾ ਡਰ ਬਣਿਆ ਰਹਿੰਦਾ ਹੈ।
ਹੱਡਾ ਰੋੜੀ ਦੇ ਖਤਮ ਹੋਣ ਕਾਰਨ ਕੁੱਤਿਆਂ ਦਾ ਕਹਿਰ ਜ਼ਿਆਦਾ : ਮਹਿਮਾ ਸਿੰਘ ਅਤੇ ਬੂਟਾ ਸਿੰਘ ਦਾ ਕਹਿਣਾ ਹੈ ਕਿ ਪਿੰਡਾਂ ਵਿੱਚੋਂ ਸਰਕਾਰ ਵੱਲੋਂ ਹੱਡਾ ਰੋੜੀ ਖਤਮ ਕਰ ਦਿੱਤੀ ਗਈ ਹੈ, ਜਿਸ ਕਾਰਨ ਅਵਾਰਾ ਕੁੱਤਿਆਂ ਵੱਲੋਂ ਹੁਣ ਆਮ ਗਲ੍ਹੀਆਂ ਮੁਹੱਲਿਆਂ ਵਿੱਚ ਕਹਿਰ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ। ਅਕਸਰ ਹੀ ਗਲ੍ਹੀਆਂ ਮੁਹੱਲਿਆਂ ਵਿੱਚ ਰਾਹਗੀਰਾਂ ਅਤੇ ਬੱਚਿਆਂ ਨੂੰ ਇਹਨਾਂ ਅਵਾਰਾ ਕੁੱਤਿਆਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਅੱਜ ਕੱਲ ਕਈ ਤਰ੍ਹਾਂ ਦੀਆਂ ਕੁੱਤਿਆਂ ਦੀਆਂ ਕਿਸਮਾਂ ਵੇਖਣ ਨੂੰ ਮਿਲ ਰਹੀਆਂ ਹਨ, ਜਿਨਾਂ ਵਿੱਚੋਂ ਜਿਆਦਾਤਰ ਸ਼ਾਕਾਹਾਰੀ ਹਨ ਅਤੇ ਭੁੱਖ ਲੱਗਣ 'ਤੇ ਇਹਨਾਂ ਵੱਲੋਂ ਜਿਆਦਾਤਰ ਮਨੁੱਖ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਕੁੱਤਿਆਂ ਦੇ ਕਹਿਰ ਨੂੰ ਰੋਕਣ ਲਈ ਜਿਸ ਤਰ੍ਹਾਂ ਪਹਿਲਾਂ ਗੋਲੀਆਂ ਦੇ ਕੇ ਕੁੱਤਿਆਂ ਨੂੰ ਮਾਰਿਆ ਜਾਂਦਾ ਸੀ, ਉਸੇ ਤਰੀਕੇ ਨਾਲ ਹੀ ਸਰਕਾਰ ਨੂੰ ਪਾਲਸੀ ਬਣਾਉਣੀ ਚਾਹੀਦੀ ਹੈ ਤਾਂ ਜੋ ਕੁੱਤਿਆਂ ਦੇ ਕੱਟਣ ਨਾਲ ਹੋਣ ਵਾਲੀ ਹਲਕਾਅ ਦੀ ਬਿਮਾਰੀ ਨੂੰ ਰੋਕਿਆ ਜਾ ਸਕੇ।