ਮੋਗਾ: ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡ ਰਸੂਲਪੁਰ ਵਿਖੇ ਸੂਏ ਦੀ ਪਟੜੀ ਤੋਂ ਸਰਕਾਰੀ ਦਰੱਖ਼ਤ ਕੱਟਣ ਦਾ ਮਾਮਲਾ ਲਗਾਤਾਰ ਤੁਲ ਫੜਦਾ ਜਾ ਰਿਹਾ ਹੈ। ਇਸ ਮੌਕੇ ਸ਼ਿਕਾਇਤ ਕਰਤਾ ਰਘਵੀਰ ਸਿੰਘ ਨੇ ਅੱਜ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਡੇ ਖੇਤਾਂ ਵਿੱਚ ਦੀ ਲੰਘਦੇ ਸੂਏ ਦੀ ਪਟੜੀ ਤੋਂ ਨਛੱਤਰ ਸਿੰਘ ਵਾਸੀ ਰਸੂਲਪੁਰ ਵੱਲੋਂ ਸਰਕਾਰੀ ਦਰੱਖ਼ਤ ਪੁੱਟੇ ਗਏ ਹਨ। ਅਸੀਂ ਮਹਿਕਮੇ ਨੂੰ ਵਾਰ-ਵਾਰ ਸੂਚਿਤ ਕਰ ਰਹੇ ਹਾਂ ਅਤੇ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉੱਧਰ ਦੂਸਰੇ ਪਾਸੇ ਨਛੱਤਰ ਸਿੰਘ ਨੇ ਵੀ ਪੱਟੇ ਦਰੱਖਤਾਂ 'ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਦਰੱਖ਼ਤ ਸਾਡੇ ਬਜ਼ੁਰਗਾਂ ਨੇ ਲਾਏ ਹਨ ਅਤੇ ਅਸੀਂ ਆਪਣੇ ਹੀ ਦਰੱਖ਼ਤ ਪੁੱਟੇ ਹਨ, ਕੋਈ ਵੀ ਸਰਕਾਰੀ ਦਰੱਖ਼ਤ ਨਹੀਂ ਪੁੱਟਿਆ। ਮਹਿਕਮਾ ਆਪਣੀ ਜਾਂਚ ਕਰੇ ਜੇਕਰ ਅਸੀਂ ਗਲਤ ਹੈ ਤਾਂ ਬੇਸ਼ਕ ਸਾਡੇ 'ਤੇ ਕਾਰਵਾਈ ਹੋਵੇ।
ਸ਼ਿਕਾਇਤ ਕਰਤਾ ਰਘਵੀਰ ਸਿੰਘ ਵੱਲੋਂ ਨਿਰਪੱਖ ਜਾਂਚ ਦੀ ਮੰਗ:ਦਰੱਖ਼ਤ ਪੁੱਟਣ ਵਾਲੀ ਜਗ੍ਹਾ ਉੱਪਰ ਅੱਜ ਤਹਿਸੀਲਦਾਰ ਅਤੇ ਨਹਿਰੀ ਵਿਭਾਗ ਦੇ ਅਧਿਕਾਰੀ ਪੁੱਜੇ ਹਨ। ਇਸ ਮੌਕੇ 'ਤੇ ਸ਼ਿਕਾਇਤ ਕਰਤਾ ਰਘਵੀਰ ਸਿੰਘ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ। ਇਸ ਮੌਕੇ ਉੱਤੇ ਤਹਿਸੀਲਦਾਰ ਰਸ਼ਪਾਲ ਸਿੰਘ ਨੇ ਕਿਹਾ ਕਿ ਮੇਰੇ ਨਾਲ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਪੁੱਜੇ ਹਨ ਅਤੇ ਅਸੀਂ ਇਸ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਜੇਕਰ ਇਹ ਦਰੱਖ਼ਤ ਸਰਕਾਰੀ ਪਾਏ ਜਾਂਦੇ ਹਨ ਤਾਂ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਰਿਕਾਰਡ ਮੁਤਾਬਕ ਇਹ ਦਰੱਖ਼ਤ ਉਹਨਾਂ ਦੇ ਸਰਕਾਰੀ ਰਿਕਾਰਡ ਵਿੱਚ ਨਹੀਂ ਬੋਲਦੇ ਪਰ ਫਿਰ ਵੀ ਉਹ ਇਸ ਦੀ ਨਿਸ਼ਾਨਦੇਹੀ ਕਰਵਾ ਰਹੇ ਹਨ।