ਅੰਮ੍ਰਿਤਸਰ:ਆਏ ਦਿਨ ਨਿਹੰਗ ਸਿੰਘਾਂ ਦੀ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਰੂਰ ਵਾਇਰਲ ਹੁੰਦੀ ਹੈ। ਅਜਿਹੀ ਇੱਕ ਹੋਰ ਵੀਡੀਓ ਹੁਣ ਅੰਮ੍ਰਿਤਸਰ ਦੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਕੈਂਪਸ ਤੋਂ ਸਾਹਮਣੇ ਆਈ ਹੈ। ਇਸ ਵੀਡੀਓ 'ਚ ਨਿਹੰਗ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਵੱਲੋਂ ਕਿਹਾ ਗਿਆ ਕਿ ਨਿਹੰਗ, ਨੰਗੀ ਤਲਵਾਰ ਲੈ ਕੇ ਕੈਂਪਸ ਵਿਚ ਦਾਖਲ ਹੋਇਆ ਅਤੇ ਵਿਦਿਆਰਥੀਆਂ ਤੇ ਪ੍ਰਬੰਧਕਾਂ ਦੇ ਹੱਥ ਵੱਢਣ ਦੀ ਧਮਕੀ ਦਿੱਤੀ। ਡਰੇ ਹੋਏ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਅਪਲੋਡ ਕਰਕੇ ਸੰਸਥਾ ਪ੍ਰਸ਼ਾਸਨ, ਅੰਮ੍ਰਿਤਸਰ ਪ੍ਰਸ਼ਾਸਨ ਅਤੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਵਿਦਿਆਰਥੀਆਂ ਨੂੰ ਦਿੱਤੀ ਧਮਕੀ :ਆਈਆਈਐਮ ਕੈਂਪਸ ਦੇ ਵਿਦਿਆਰਥੀਆਂ ਨੇ ਕਿਹਾ ਕਿ ਜਿਵੇਂ ਹੀ ਨਿਹੰਗ ਕੈਂਪਸ 'ਚ ਪਹੁੰਚਿਆ ਤਾਂ ਉਸ ਨੇ ਪਹਿਲਾਂ ਗੇਟ 'ਤੇ ਹੀ ਖੜ੍ਹੇ ਸੁਰੱਖਿਆ ਗਾਰਡ ਦੀ ਕੁੱਟਮਾਰ ਕੀਤੀ ਅਤੇ ਤਲਵਾਰ ਕੱਢ ਕੇ ਧਮਕਾ ਕੇ ਕੈਂਪਸ ਵਿੱਚ ਦਾਖਲ ਹੋ ਗਿਆ। ਇਸ ਮਗਰੋਂ ਉਸ ਨੇ ਕੈਂਪਸ ਵਿੱਚ ਸਾਰਿਆਂ ਨੂੰ ਧਮਕੀ ਦਿੰਦਾ ਹੋਇਆ ਕੈਂਪਸ ਦੀ ਬੱਸ 'ਚ ਚੜ੍ਹ ਗਿਆ ਅਤੇ ਵਿਿਦਆਰਥੀਆਂ, ਸਟਾਫ਼ ਅਤੇ ਬੱਸ ਡਰਾਈਵਰ ਨੂੰ ਧਮਕਾਇਆ।