ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਲਖੀ ਹੁਣ ਸ਼ਰ੍ਹੇਆਮ ਜੱਗ ਜਾਹਿਰ ਹੁੰਦੀ ਨਜ਼ਰ ਆ ਰਹੀ ਹੈ। ਇਸ ਨੂੰ ਲੈਕੇ ਹੁਣ ਸੋਸ਼ਲ ਮੀਡੀਆ ਉੱਤੇ ਪਾਈ ਨਵਜੋਤ ਸਿੱਧੂ ਦੀ ਇੱਕ ਪੋਸਟ ਨੇ ਹੋਰ ਵੀ ਚਰਚਾ ਸ਼ੇਡ ਦਿੱਤੀ ਹੈ। ਦਰਅਸਲ ਕਾਂਗਰਸ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਮੋਗਾ ਰੈਲੀ ਦਾ ਪ੍ਰਬੰਧ ਕਰਨ ਵਾਲੇ ਦੋ ਆਗੂਆਂ ਨੂੰ ਮੁਅੱਤਲ ਕਰਨ ਦਾ ਮਾਮਲਾ ਗਰਮ ਹੋ ਗਿਆ ਹੈ। ਇਸ ਕਾਰਵਾਈ ਤੋਂ ਬਾਅਦ ਹੁਣ ਸਿੱਧੂ ਨੇ ਰਾਜਾ ਵੜਿੰਗ ਦਾ ਨਾਂ ਨਾ ਲੈਂਦਿਆਂ ਸ਼ਾਇਰਾਨਾ ਅੰਦਾਜ਼ ਵਿੱਚ ਟਵਿੱਟਰ ਉੱਤੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਹੈ
'ਨਾ ਮੈਂ ਗਿਰਾ, ਨਾ ਮੇਰੀ ਉਮੀਦੋਂ ਕਾ ਮਿਆਰ ਗਿਰਾ,ਪਰ ਮੁਝੇ ਗਿਰਾਣੇ ਕਿ ਕੋਸ਼ਿਸ਼ ਕਰਨੇ ਮੈ ਹਰ ਸ਼ਖਸ ਬਾਰ ਬਾਰ ਗਿਰਾ !!!
ਮਾਲਵਿਕਾ ਸੂਦ ਦੀ ਸ਼ਿਕਾਇਤ 'ਤੇ ਹੋਈ ਕਾਰਵਾਈ :ਦਰਅਸਲ ਨਵਜੋਤ ਸਿੰਘ ਸਿੱਧੂ ਨੇ 21 ਜਨਵਰੀ ਨੂੰ ਮੋਗਾ 'ਚ ਰੈਲੀ ਕੀਤੀ ਸੀ। ਰੈਲੀ ਦਾ ਪ੍ਰਬੰਧ ਮਹੇਸ਼ਇੰਦਰ ਸਿੰਘ ਨਿਹਾਲ ਵਾਲਾ ਅਤੇ ਧਰਮਪਾਲ ਸਿੰਘ ਵੱਲੋਂ ਕੀਤਾ ਗਿਆ। ਇਸ ਰੈਲੀ ਸਬੰਧੀ ਮੋਗਾ ਦੀ ਸੀਨੀਅਰ ਕਾਂਗਰਸੀ ਆਗੂ ਅਤੇ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਵੱਲੋਂ ਪਾਰਟੀ ਹਾਈਕਮਾਂਡ ਨੂੰ ਸ਼ਿਕਾਇਤ ਕੀਤੀ ਗਈ ਸੀ। ਨੋਟਿਸ ਕਿਹਾ ਗਿਆ ਕਿ ਸ਼ਿਕਾਇਤ ਪ੍ਰਾਪਤ ਹੋਈ ਕਿ ਆਪ ਜੀ ਨੇ ਇਸ ਮੀਟਿੰਗ ਬਾਰੇ ਉਨ੍ਹਾਂ ਨਾਲ ਕੋਈ ਵਿਚਾਰ- ਵਟਾਂਦਰਾ ਨਹੀਂ ਕੀਤਾ ਅਤੇ ਨਾ ਹੀ ਇਸ ਮੀਟਿੰਗ ਬਾਰੇ ਪ੍ਰਦੇਸ਼ ਕਾਂਗਰਸ ਦੇ ਦਫ਼ਤਰ ਜਾਂ ਜ਼ਿਲ੍ਹਾ ਪ੍ਰਧਾਨ ਅਤੇ ਸਥਾਨਕ ਆਗੂਆਂ ਨੂੰ ਸੂਚਿਤ ਕੀਤਾ। ਪਾਰਟੀ ਦਾ ਇਹ ਸਿਧਾਂਤ ਹੈ ਕਿ ਹਲਕੇ ਵਿੱਚ ਜੇਕਰ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਉਹ ਸਥਾਨਕ ਸੀਨੀਅਰ ਲੀਡਰਸ਼ਿਪ ਦੀ ਸਹਿਮਤੀ ਨਾਲ ਹੋਣਾ ਚਾਹੀਦਾ ਹੈ।
ਮਹੇਸ਼ਇੰਦਰ ਸਿੰਘ ਦੀ ਸਫਾਈ :ਇਸ ਮਾਮਲੇ ਸਬੰਧੀ ਉਸ ਵੇਲੇ ਮਹੇਸ਼ਇੰਦਰ ਸਿੰਘ ਨੇ ਉਸ ਸਮੇਂ ਦਲੀਲ ਦਿੱਤੀ ਕਿ ਇਹ ਰੈਲੀ ਨਵਜੋਤ ਸਿੱਧੂ ਵੱਲੋਂ ਕਰਵਾਈ ਗਈ ਸੀ। ਉਸ ਨੇ ਹੁਣੇ ਹੀ ਇਸ ਨੂੰ ਆਯੋਜਿਤ ਕੀਤਾ ਹੈ। ਇਸ ਰੈਲੀ ਵਿੱਚ ਸੀਨੀਅਰ ਆਗੂ ਲਾਲ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਨੂੰ ਇਹ ਨੋਟਿਸ ਰੈਲੀ ਖ਼ਤਮ ਹੋਣ ਤੋਂ 2 ਘੰਟੇ ਬਾਅਦ ਭੇਜਿਆ ਗਿਆ ਸੀ। ਜੇਕਰ ਅਜਿਹਾ ਸੀ ਤਾਂ ਪਹਿਲਾਂ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਨੋਟਿਸ ਦਿੱਤਾ ਜਾਣਾ ਚਾਹੀਦਾ ਸੀ।
ਖੈਰ ਹੁਣ ਇਸ ਮਾਮਲੇ 'ਚ ਰਾਜਾ ਵੜਿੰਗ ਕੀ ਜਵਾਬ ਦਿੰਦੇ ਹਨ ਇਸ ਉਤੇ ਹਰ ਇੱਕ ਦੀ ਨਜ਼ਰ ਰਹੇਗੀ। ਪਰ ਅੱਜ ਦੇ ਇਸ ਟਵੀਟ ਨੇ ਜਿੱਥੇ ਸਿਆਸੀ ਗਲਿਆਰੇ 'ਚ ਚਰਚਾ ਛੇੜੀ ਹੈ ਉੱਥੇ ਹੀ ਹੁਣ ਵਿਰੋਧੀਆਂਂ ਦੇ ਸੁਆਦ ਲੈਣ ਦਾ ਵੀ ਸਮਾਂ ਆਗਿਆ ਹੈ।