ਚੰਡੀਗੜ੍ਹ: ਪੰਜਬ ਅਤੇ ਦੇਸ਼ ਦੇ ਹੋਰ ਕਈ ਹਿੱਸਿਆਂ ਵਿੱਚ ਵਾਪਰੀਆਂ ਦਹਿਸ਼ਤਗਰਦੀ ਵਾਰਦਾਤਾਂ ਵਿੱਚ ਅਕਸਰ ਅੱਤਵਾਦੀ ਹਰਵਿੰਦਰ ਰਿੰਦਾ ਦਾ ਨਾਮ ਸਾਹਮਣੇ ਆਉਂਦਾ ਰਹਿੰਦਾ ਹੈ। ਦਰਅਸਲ ਪਹਿਲਾਂ ਗੈਂਗਸਟਰਾਂ ਦੀ ਲਿਸਟ ਵਿੱਚ ਸ਼ੁਮਾਰ ਹਰਵਿੰਦਰ ਰਿੰਦਾ ਜਦੋਂ ਪੰਜਾਬ ਪੁਲਿਸ ਨੂੰ ਅੱਤ ਲੋੜੀਂਦਾ ਸੀ ਤਾਂ ਉਹ ਆਪਣੀ ਜਾਨ ਬਚਾਉਣ ਦੇ ਲਈ ਕਰੀਬ 7 ਸਾਲ ਪਹਿਲਾਂ ਨੇਪਾਲ ਦੇ ਰਸਤੇ ਪਾਕਿਸਤਾਨ ਭੱਜ ਗਿਆ। ਮੋਸਟ ਵਾਂਟੇਡ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਦੇ ਇਸ਼ਾਰੇ ਉੱਤੇ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ। ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਭਾਰਤ ਵਿੱਚ ਅੱਤਵਾਦ ਫੈਲਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨ ਵਿੱਚ ਬੈਠਾ ਰਿੰਦਾ ਸਰਹੱਦ ਰਾਹੀਂ ਭਾਰਤ ਵਿੱਚ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਕਰਦਾ ਹੈ। ਇਸ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਉਸ ਦਾ ਸਾਥ ਦੇ ਰਹੀ ਹੈ।
ਜਾਣੋ ਕੌਣ ਹੈ ਹਰਵਿੰਦਰ ਸਿੰਘ ਰਿੰਦਾ
ਅੱਤਵਾਦੀ ਹਰਵਿੰਦਰ ਰਿੰਦਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਪਰ ਬਾਅਦ ਵਿੱਚ ਉਹ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਚਲਾ ਗਿਆ ਸੀ। ਰਿੰਦਾ ਨੂੰ ਸਤੰਬਰ 2011 ਵਿੱਚ ਇੱਕ ਕਤਲ ਕੇਸ ਅੰਦਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਮਗਰੋਂ ਰਿੰਦਾ ਚੰਡੀਗੜ੍ਹ ਦੀ ਪੰਜਾਬ ਯੂਨਿਵਰਸਿਟੀ ਵਿੱਚ ਪੜਨ ਲਈ ਆਇਆ ਅਤੇ ਇਸ ਦੌਰਾਨ ਉਸ ਨੇ ਜੁਰਮ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ। 11 ਸਾਲ ਦੀ ਉਮਰ 'ਚ ਰਿੰਦਾ ਆਪਣੇ ਪਰਿਵਾਰ ਨਾਲ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਸ਼ਿਫਟ ਹੋ ਗਿਆ। ਪੁਲਿਸ ਰਿਕਾਰਡ ਅਨੁਸਾਰ ਰਿੰਦਾ ਨੇ ਤਰਨਤਾਰਨ ਵਿੱਚ 18 ਸਾਲ ਦੀ ਉਮਰ ਵਿੱਚ ਹੀ ਪਰਿਵਾਰਕ ਝਗੜੇ ਕਾਰਨ ਆਪਣੇ ਇੱਕ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਸੀ। ਹਰਵਿੰਦਰ ਸਿੰਘ ਰਿੰਦਾ ਖ਼ਿਲਾਫ਼ ਚੰਡੀਗੜ੍ਹ ਪੁਲਿਸ ਵੱਲੋਂ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਚਾਰ ਕੇਸ ਦਰਜ ਕੀਤੇ ਗਏ ਹਨ। ਰਿੰਦਾ ਨੇ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਹੁੰਦਿਆਂ ਸੈਕਟਰ 11 ਦੇ ਐਸਐਚਓ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਅੱਤਵਾਦੀ ਸੰਗਠਨਾਂ 'ਚ ਸ਼ਾਮਲ ਹੋਣ ਤੋਂ ਪਹਿਲਾਂ, ਉਹ ਵਿਦਿਆਰਥੀ ਰਾਜਨੀਤੀ 'ਚ ਸਰਗਰਮ ਭਾਗੀਦਾਰ ਸੀ।
ਨਾਂਦੇੜ ਸਾਹਿਬ ਵਿੱਚ ਵੀ ਕੀਤੇ ਕਤਲ