ਗੁਆਂਢੀਆਂ ਦੀ ਲੜਾਈ ਛਡਵਾਉਣ ਗਏ ਵਿਅਕਤੀ ਦਾ ਕਤਲ ਲੁਧਿਆਣਾ: ਇਥੋਂ ਦੇ ਸ਼ਿਮਲਾਪੁਰੀ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਹੋਏ ਆਪਸੀ ਵਿਵਾਦ ਦੇ ਕਾਰਨ ਇੱਕ ਧਿਰ ਵੱਲੋਂ ਨਿਹੰਗ ਸਿੰਘ ਨੂੰ ਬੁਲਾ ਲਿਆ ਗਿਆ, ਜਿਸ ਤੋਂ ਬਾਅਦ ਨਿਹੰਗ ਸਿੰਘ 'ਤੇ ਇੱਕ ਪਰਿਵਾਰ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਦੇ ਨਾਲ ਹੀ ਜਦੋਂ ਬਚਾਅ ਕਰਨ ਦੇ ਲਈ ਉਹਨਾਂ ਦਾ ਗੁਆਂਢੀ ਆਇਆ ਅਤੇ ਉਸ ਨੇ ਨਿਹੰਗ ਸਿੰਘ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨਿਹੰਗ ਸਿੰਘ ਨੇ ਉਸ ਦੀ ਗਰਦਨ 'ਤੇ ਵਾਰ ਕਰਕੇ ਉਸ ਨੂੰ ਮਾਰ ਦਿੱਤਾ।
ਲੜਾਈ ਛਡਵਾਉਣ ਗਏ ਗੁਆਂਢੀ ਦਾ ਕਤਲ: ਮ੍ਰਿਤਕ ਨੌਜਵਾਨ ਦੀ ਪਹਿਚਾਨ ਗੁਰਦੀਪ ਸਿੰਘ ਉਰਫ ਸੋਨੂੰ ਵਜੋਂ ਹੋਈ ਹੈ। ਜੋ ਕਿ ਸੂਰਜ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ। ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਥਾਣਾ ਸ਼ਿਮਲਾਪੁਰੀ ਦੇ ਐੱਸਐੱਚਓ ਪੁਲਿਸ ਪਾਰਟੀ ਨਾਲ ਪਹੁੰਚੇ ਤੇ ਉਹਨਾਂ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਨਿਹੰਗ ਸਿੰਘ ਨੂੰ ਬੁਲਾਉਣ ਵਾਲੇ ਪਰਿਵਾਰ ਦੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੋ ਪਰਿਵਾਰਾਂ ਦੀ ਸੀ ਆਪਸੀ ਲੜਾਈ: ਇਸ ਮੌਕੇ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਹੈ ਅਤੇ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਦਰਅਸਲ ਪੂਰਾ ਵਿਵਾਦ ਦੋ ਪਰਿਵਾਰਾਂ ਦਾ ਸੀ, ਨੌਜਵਾਨ ਆਪਣੇ ਮਾਮੇ ਦੇ ਘਰ ਗਿਆ ਸੀ ਅਤੇ ਉਸ ਦੇ ਮਾਮੇ ਨੇ ਉਸ ਨੂੰ ਚੋਰ ਕਹਿ ਕੇ ਬੁਲਾਇਆ ਜਿਸ ਤੋਂ ਬਾਅਦ ਇਹ ਪੂਰਾ ਵਿਵਾਦ ਵੱਧ ਗਿਆ। ਨੌਜਵਾਨ ਨੇ ਆਪਣੇ ਇੱਕ ਨਿਹੰਗ ਸਾਥੀ ਨੂੰ ਫੋਨ ਕਰਕੇ ਬੁਲਾ ਲਿਆ, ਜਿਸ ਤੋਂ ਬਾਅਦ ਨਿਹੰਗ ਸਿੰਘ ਅਤੇ ਉਸਦੇ ਕੁਝ ਹੋਰ ਸਾਥੀਆਂ ਨੇ ਮਿਲ ਕੇ ਦੂਜੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਹਮਲਾ ਅਮਨਦੀਪ ਦੇ ਪਰਿਵਾਰ 'ਤੇ ਕੀਤਾ ਗਿਆ ਅਤੇ ਇਸ ਪੂਰੇ ਵਿਵਾਦ ਦੇ ਵਿੱਚ ਅਮਨਦੀਪ ਦੇ ਗੁਆਂਢੀ ਗੁਰਦੀਪ ਸਿੰਘ ਸੋਨੂੰ ਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਨਿਹੰਗ ਸਿੰਘ ਨੇ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਪੂਰੇ ਵਿਵਾਦ ਤੋਂ ਬਾਅਦ ਖੁਦ ਅਮਨਦੀਪ ਆਪਣੇ ਘਰ ਆ ਗਿਆ ਸੀ।
ਪੁਲਿਸ ਵਲੋਂ ਮੁਲਜ਼ਮਾਂ ਦੀ ਭਾਲ ਜਾਰੀ: ਗੁਰਦੀਪ ਨੂੰ ਜਦੋਂ ਲਹੂ ਲੁਹਾਨ ਹਾਲਤ ਦੇ ਵਿੱਚ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਸ ਦਾ ਸਕਦਾ ਕਾਫੀ ਖੂਨ ਵੱਗ ਚੁੱਕਾ ਸੀ, ਜਿਸ ਕਰਕੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਵਾਲੀ ਥਾਂ 'ਤੇ ਦੋ ਮਹਿਲਾਵਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਅਤੇ ਪੁਲਿਸ ਦੇ ਹੱਥ ਕੁਝ ਮੋਬਾਇਲ ਨੰਬਰ ਅਤੇ ਲੋਕੇਸ਼ਨ ਵੀ ਲੱਗੀ ਹੈ। ਜਿਸ ਦੇ ਆਧਾਰ 'ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਏਸੀਪੀ ਬਰਿਜ ਮੋਹਨ ਵੱਲੋਂ ਘਟਨਾ ਵਾਲੀ ਥਾਂ 'ਤੇ ਜਾਇਜ਼ਾ ਲਿਆ ਗਿਆ ਹੈ। ਉਹਨਾਂ ਕਿਹਾ ਹੈ ਕਿ ਹਮਲਾਵਰਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਜਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।