ਲੁਧਿਆਣਾ :ਜ਼ਿਲ੍ਹੇ ਦੇ ਪ੍ਰੇਮ ਵਿਹਾਰ ਇਲਾਕੇ ਵਿੱਚ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਘਰ ਦੇ ਵਿੱਚੋਂ ਮਾਂ ਅਤੇ ਬੇਟੇ ਦੀ ਲਾਸ਼ ਬਰਾਮਦ ਹੋਈ। ਦੱਸ ਦੇਈਏ ਕਿ ਪਰਿਵਾਰ ਜਦੋਂ ਅੱਜ ਬਾਹਰ ਨਹੀਂ ਨਿਕਲਿਆ ਤਾਂ ਨੇੜੇ ਦੇ ਲੋਕਾਂ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਉਹਨਾਂ ਨੇ ਘਰ ਦੇ ਵਿੱਚ ਦਾਖਿਲ ਹੋ ਕੇ ਵੇਖਿਆ ਤਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ਉੱਤੇ ਆ ਕੇ ਦੋਵੇਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਭੇਜ ਦਿੱਤਾ ਹੈ।
ਲੁਧਿਆਣਾ 'ਚ ਮਾਂ-ਪੁੱਤ ਦਾ ਕਤਲ (Etv Bharat (ਲੁਧਿਆਣਾ, ਪੱਤਰਕਾਰ)) 'ਕੁੱਤਾ ਵੀ ਘਰ ਤੋਂ ਗਾਇਬ'
ਦੱਸ ਦੇਈਏ ਕਿ ਭਲਕੇ ਡਾਕਟਰਾਂ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਕਿਸ ਹਥਿਆਰ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹੈ ਜਾਂ ਫਿਰ ਕੋਈ ਹੋਰ ਮਾਮਲਾ ਹੈ। ਨੇੜੇ ਤੇੜੇ ਰਹਿੰਦੇ ਗੁਆਂਡੀਆਂ ਨੇ ਦੱਸਿਆ ਕਿ ਇਹਨਾਂ ਵੱਲੋਂ ਇੱਕ ਕੁੱਤਾ ਵੀ ਰੱਖਿਆ ਹੋਇਆ ਸੀ ਜੋ ਕਿ ਕੱਲ੍ਹ ਤੋਂ ਗਾਇਬ ਹੈ। ਉਹਨਾਂ ਕਿਹਾ ਕਿ ਇਹ ਇੱਕ ਦੋ ਦਿਨ ਪੁਰਾਣਾ ਮਾਮਲਾ ਹੈ।
ਤੇਜ਼ਧਾਰ ਹਥਿਆਰ ਦੇ ਨਾਲ ਕਤਲ
ਮ੍ਰਿਤਕ ਮਹਿਲਾ ਦਾ ਨਾਂ ਸੋਨੀਆ ਹੈ ਜਿਸ ਦੀ ਉਮਰ ਲਗਭਗ 40 ਸਾਲ ਦੇ ਕਰੀਬ ਹੈ ਅਤੇ ਉਸ ਦਾ ਪੁੱਤਰ ਦੀ ਉਮਰ 12 ਸਾਲ ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਪੁਲਿਸ ਨੇ ਵਿਜੇ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ। ਜੋ ਕਿ ਉਹਨਾਂ ਦੀ ਕਲੋਨੀ ਦੇ ਵਿੱਚ ਹੀ ਘੁੰਮਦਾ ਰਹਿੰਦਾ ਸੀ ਹਾਲਾਂਕਿ ਇਸ ਸਬੰਧੀ ਪੁਲਿਸ ਨੇ ਕਿਹਾ ਕਿ ਅਸੀਂ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿਛ ਕਰ ਲਈ ਹੈ। ਪੁਲਿਸ ਨੇ ਕਿਹਾ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਕਿਸੇ ਤੇਜ਼ਧਾਰ ਹਥਿਆਰ ਦੇ ਨਾਲ ਇਹ ਦੋਵਾਂ ਦਾ ਕਤਲ ਕੀਤਾ ਗਿਆ ਹੈ ਬਾਕੀ ਅਸੀਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਫ ਦੱਸ ਸਕਾਂਗੇ।