ਦੁਆਬਾ ਹੀ ਨਹੀਂ, ਮਾਝਾ ਤੇ ਮਾਲਵੇ ਚੋਂ ਪੰਜਾਬੀ ਜਾ ਰਹੇ ਵਿਦੇਸ਼ ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਵੱਲੋਂ ਸਾਲ 2021 ਵਿੱਚ ਸ਼ੁਰੂ ਕੀਤੀ ਗਈ ਰਿਸਰਚ 2023 ਦੇ ਆਖੀਰ ਵਿੱਚ ਪੂਰੀ ਹੋਈ ਹੈ ਅਤੇ ਇਸ ਵਿੱਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪ੍ਰੋਫੈਸਰ ਸ਼ਾਲਨੀ ਸ਼ਰਮਾ ਦੇ ਨਾਲ ਪ੍ਰੋਫੈਸਰ ਮਨਜੀਤ ਕੌਰ ਅਤੇ ਅਸਿਸਟੈਂਟ ਪ੍ਰੋਫੈਸਰ ਅਮਿਤ ਗੁਲੇਰੀਆ ਵੱਲੋਂ ਇਹ ਰਿਸਰਚ ਪੂਰੀ ਕੀਤੀ ਗਈ ਹੈ। ਇਸ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬੀਆਂ ਨੇ ਵਿਦੇਸ਼ ਵਿੱਚ ਜਾਣ ਲਈ 14 ਹਜ਼ਾਰ, 342 ਕਰੋੜ ਰੁਪਏ ਦਾ ਕਰਜ਼ਾ ਸਿਰ ਚੜਾ ਲਿਆ ਹੈ।
ਇੰਨਾ ਹੀ ਨਹੀਂ, ਪੰਜਾਬ ਦੇ ਸਿਰਫ ਦੁਆਬਾ ਹੀ ਨਹੀਂ ਸਗੋਂ ਮਾਝਾ ਅਤੇ ਮਾਲਵਾ ਤੋਂ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਵਿਦੇਸ਼ਾਂ ਨੂੰ ਪਲਾਇਨ ਕਰ ਰਹੇ ਹਨ। ਮਾਝੇ ਖੇਤਰ ਦੇ ਗੁਰਦਾਸਪੁਰ ਅਤੇ ਅੰਮ੍ਰਿਤਸਰ, ਦੁਆਬੇ ਦੇ ਵਿੱਚ ਨਵਾਂ ਸ਼ਹਿਰ ਜਦਕਿ ਮਾਲਵੇ ਦੇ ਵਿੱਚ ਫਿਰੋਜ਼ਪੁਰ ਚਾਰ ਅਜਿਹੇ ਜ਼ਿਲੇ ਹਨ ਜਿਨਾਂ ਦੇ ਪੇਂਡੂ ਖੇਤਰ ਦੇ ਅੰਦਰ ਇੱਕ ਤਿਹਾਈ ਵਸੋਂ ਵਿਦੇਸ਼ਾਂ ਵਿੱਚ ਜਾ ਕੇ ਵੱਸ ਚੁੱਕੀ ਹੈ। ਇਨ੍ਹਾਂ ਇਲਾਕਿਆਂ ਵਿੱਚ ਪ੍ਰਵਾਸ ਦੀ ਦਰ 30 ਫੀਸਦੀ ਦੇ ਨੇੜੇ ਹੈ, ਜੋ ਕਿ ਰੈਡ ਜ਼ੋਨ ਦੇ ਵਿੱਚ ਆਉਂਦੀ ਹੈ। ਜਿਆਦਾਤਰ ਪੰਜਾਬੀਆਂ ਦਾ ਰੁਝਾਨ ਕੈਨੇਡਾ, ਆਸਟ੍ਰੇਲੀਆ ਅਤੇ ਦੁਬਈ ਜਾਣ ਵਿੱਚ ਹੈ। ਇਹ ਅਜਿਹੇ ਮੁਲਕ ਹਨ, ਜਿੱਥੇ 60 ਫੀਸਦੀ ਤੋਂ ਵੱਧ ਪੰਜਾਬੀ ਜਾਣਾ ਚਾਹੁੰਦੇ ਹਨ। ਪ੍ਰੋਫੈਸਰ ਸ਼ਾਲਿਨੀ ਸ਼ਰਮਾ ਨੇ ਦੱਸਿਆ ਕਿ ਇਹ ਰਿਸਰਚ 1990 ਤੋਂ ਲੈ ਕੇ ਸਤੰਬਰ 2022 ਤੱਕ ਦੇ ਡਾਟਾ ਦੇ ਅਧਾਰਿਤ ਕੀਤੀ ਗਈ ਹੈ।
ਪੰਜਾਬ ਚੋਂ ਵਿਦੇਸ਼ ਜਾ ਰਹੇ ਨੌਜਵਾਨ ਕਿਵੇਂ ਹੋਈ ਰਿਸਰਚ:ਪ੍ਰੋਫੈਸਰ ਸ਼ਾਲਿਨੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਮਾਜਿਕ ਵਿਗਿਆਨ ਵਿਭਾਗ ਵੱਲੋਂ ਇਹ ਖੋਜ ਸਾਲ 2021 ਵਿੱਚ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ ਕਰੋਨਾ ਦਾ ਸਮਾਂ ਆ ਗਿਆ ਅਤੇ ਰਿਸਰਚ ਕਰਨ ਵਿੱਚ ਕਾਫੀ ਦੇਰੀ ਹੋ ਗਈ। ਆਖਿਰਕਾਰ 2022 ਵਿੱਚ ਇਹ ਰਿਸਰਚ ਪੂਰੀ ਹੋਈ ਜਿਸ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਕੰਪਾਈਲ ਕਰਨ ਵਿੱਚ ਇੱਕ ਸਾਲ ਦਾ ਸਮਾਂ ਲੱਗ ਗਿਆ ਅਤੇ 2023 ਦੇ ਅੰਤ ਵਿੱਚ ਇਹ ਰਿਸਰਚ ਪੂਰੀ ਹੋਈ। ਉਨ੍ਹਾਂ ਨੇ ਦੱਸਿਆ ਕਿ ਇਸ ਰਿਸਰਚ ਵਿੱਚ 2021 ਦੇ ਪੰਜਾਬ ਦੇ 22 ਜਿਲ੍ਹਿਆਂ ਦੇ ਮੁਤਾਬਕ 44 ਬਲਾਕ ਚੁਣੇ ਗਏ ਸਨ, ਜਿਨ੍ਹਾਂ ਵਿੱਚੋਂ ਵੱਖ-ਵੱਖ 44 ਪਿੰਡਾਂ ਦੇ ਬਕਾਇਦਾ ਸੈਂਪਲ ਲਏ ਗਏ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਦੋ ਹਿੱਸਿਆਂ ਵਿੱਚ ਵੰਡਿਆ ਸੀ- ਇੱਕ ਹਿੱਸਾ ਉਹ ਸੀ ਜੋ ਕਿ ਮਾਈਗ੍ਰੇਸ਼ਨ ਕਰ ਰਹੇ ਹਨ ਅਤੇ ਇੱਕ ਹਿੱਸਾ ਉਹ ਸੀ ਜੋ ਮਾਈਗ੍ਰੇਸ਼ਨ ਨਹੀਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਦੇ ਸੈਂਪਲ ਲੈਣ ਤੋਂ ਬਾਅਦ ਹੈਰਾਨ ਕਰ ਦੇਣ ਵਾਲੇ ਖੁਲਾਸੇ ਸਾਡੇ ਸਾਹਮਣੇ ਆਏ ਹਨ।
ਪੂਰੇ ਪੰਜਾਬ ਤੋਂ ਪ੍ਰਵਾਸ:ਸਾਲ 1990 ਤੋਂ ਪਹਿਲਾਂ, ਜਿੱਥੇ ਜਿਆਦਾਤਰ ਦੁਆਬੇ ਦੇ ਇਲਾਕੇ ਵਿੱਚੋਂ ਹੀ ਲੋਕ ਜਿਆਦਾ ਵਿਦੇਸ਼ ਜਾ ਰਹੇ ਸਨ, ਉੱਥੇ ਹੀ ਹੁਣ ਪੂਰੇ ਪੰਜਾਬ ਵਿੱਚ ਇਹ ਪ੍ਰਵਾਸ ਹੋ ਰਿਹਾ ਹੈ। ਜੇਕਰ ਰੈਡ ਜ਼ੋਨ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ, ਤਾਂ ਮਾਝੇ ਦਾ ਗੁਰਦਾਸਪੁਰ ਅੰਮ੍ਰਿਤਸਰ ਤਰਨ ਤਰਨ ਦਾ ਇਲਾਕਾ, ਜਦਕਿ ਮਾਲਵੇ ਦਾ ਫਿਰੋਜ਼ਪੁਰ ਅਤੇ ਦੁਆਬੇ ਦਾ ਸ਼ਹੀਦ ਭਗਤ ਸਿੰਘ ਨਗਰ, ਇਨ੍ਹਾਂ ਵਿੱਚ ਮੋਹਰੀ ਹੈ। ਸਭ ਤੋਂ ਜਿਆਦਾ ਮਾਝੇ ਇਲਾਕੇ ਦੇ ਇਨ੍ਹਾਂ ਦੋ ਜ਼ਿਲਿਆਂ ਵਿੱਚ 20 ਫੀਸਦੀ ਤੋਂ ਜਿਆਦਾ ਮਾਈਗ੍ਰੇਸ਼ਨ ਹੋਈ ਹੈ।
ਪੰਜਾਬ ਚੋਂ ਵਿਦੇਸ਼ ਜਾ ਰਹੇ ਨੌਜਵਾਨ ਉੱਥੇ ਹੀ ਮਾਲਵਾ ਦੇ ਫਿਰੋਜ਼ਪੁਰ ਵਿੱਚ ਲਗਭਗ 14 ਫੀਸਦੀ ਅਤੇ ਦੁਆਬੇ ਚੋਂ 11 ਫੀਸਦੀ ਦੇ ਨੇੜੇ ਹੈ। ਇਸੇ ਤਰ੍ਹਾਂ ਜੇਕਰ ਆਲ ਓਵਰ ਔਸਤਨ ਕੱਢੀ ਜਾਵੇ, ਤਾਂ ਪੂਰੇ ਪੰਜਾਬ ਵਿੱਚ 13 ਫੀਸਦੀ ਤੋਂ ਵਧੇਰੇ ਮਾਈਗ੍ਰੇਸ਼ਨ ਪਿਛਲੇ ਸਾਲਾਂ ਵਿੱਚ ਹੋ ਚੁੱਕੀ ਹੈ। ਜੇਕਰ ਇਨ੍ਹਾਂ ਵੱਖ-ਵੱਖ ਕੈਟਾਗਰੀ ਦੀ ਗੱਲ ਕੀਤੀ ਜਾਵੇ, ਤਾਂ ਸਭ ਤੋਂ ਜ਼ਿਆਦਾ ਪੰਜਾਬੀ ਕੈਨੇਡਾ ਜਾਣ ਦੇ ਚਾਹਵਨ ਹੈ ਜਿਸ ਦਾ ਕੁੱਲ ਅਨੁਪਾਤ 41.88 ਫ਼ੀਸਦੀ ਹੈ। ਇਸੇ ਤਰ੍ਹਾਂ ਦੁਬਈ ਵਿੱਚ 16.25 ਫੀਸਦੀ ਪੰਜਾਬੀ ਜਾ ਰਹੇ ਹਨ। ਆਸਟ੍ਰੇਲੀਆ ਵਿੱਚ 9.63 ਫੀਸਦੀ ਪੰਜਾਬੀ ਜਾ ਰਹੇ ਹਨ। ਇਸੇ ਤਰ੍ਹਾਂ ਇਟਲੀ ਵਿੱਚ 5.54 ਫ਼ੀਸਦੀ, ਯੂਕੇ ਵਿੱਚ 3.49 ਫ਼ੀਸਦੀ, ਅਮਰੀਕਾ ਵਿੱਚ 3.25 ਫ਼ੀਸਦੀ ਪੰਜਾਬੀ ਜਾ ਰਹੇ ਹਨ, ਜੋ ਕਿ ਡਾਟਾ ਤੋਂ ਖੁਲਾਸਾ ਹੋਇਆ ਹੈ।
ਮੁੰਡਿਆਂ ਨਾਲੋਂ ਕੁੜੀਆਂ ਦੀ ਗਿਣਤੀ ਵਧ:ਪੰਜਾਬ ਵਿੱਚ ਪ੍ਰਵਾਸ ਕਰਨ ਵਾਲੇ ਜੇਕਰ ਵੱਖ-ਵੱਖ ਵੀਜ਼ਾ ਦੀ ਗੱਲ ਕੀਤੀ ਜਾਵੇ, ਤਾਂ ਪੰਜਾਬ ਦੇ ਪੇਂਡੂ ਖੇਤਰ ਵਿੱਚੋਂ ਸਟਡੀ ਵੀਜ਼ਾ ਉੱਤੇ ਜਾਣ ਵਾਲੀਆਂ ਕੁੜੀਆਂ ਦੀ ਗਿਣਤੀ ਵਧੇਰੇ ਹੈ। 65 ਫੀਸਦੀ ਕੁੜੀਆਂ ਦੀ ਗਿਣਤੀ ਹੈ, ਜੋ ਕਿ ਸਟਡੀ ਵੀਜ਼ਾ ਲੈ ਕੇ ਵਿਦੇਸ਼ਾਂ ਵਿੱਚ ਜਾ ਰਹੀਆਂ ਹਨ। ਇਸੇ ਤਰ੍ਹਾਂ ਮੁੰਡਿਆਂ ਦੀ ਗਿਣਤੀ ਮਹਿਜ 35 ਫੀਸਦੀ ਹੈ। ਮਾਹਿਰ ਡਾਕਟਰਾਂ ਨੇ ਦੱਸਿਆ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਕੁੜੀਆਂ ਵੱਲੋਂ ਆ ਆਈਲੇਟਸ ਦੇ ਪੇਪਰਾਂ ਦੇ ਪਾਸ ਹੋਣਾ ਹੈ। ਉਨ੍ਹਾਂ ਕਿਹਾ ਕਿ ਜਿਆਦਾਤਰ ਵਿਦਿਆਰਥੀ ਬਾਰਵੀਂ ਜਮਾਤ ਕਰਨ ਤੋਂ ਬਾਅਦ ਇੰਗਲਿਸ਼ ਦਾ ਟੈਸਟ ਦਿੰਦੇ ਹਨ, ਉਨ੍ਹਾਂ ਵਿੱਚ ਵੀ ਜਿਆਦਾ ਗਿਣਤੀ ਆਈਲੇਟਸ ਕਰਨ ਵਾਲਿਆਂ ਦੀ ਹੈ।
ਵਿਦੇਸ਼ ਜਾਣ ਦੇ ਲਈ ਪੰਜਾਬੀਆਂ ਨੇ ਕਰੋੜਾਂ ਦਾ ਕਰਜ਼ਾ ਲਿਆ ਪ੍ਰੋਫੈਸਰ ਸ਼ਾਲਿਨੀ ਸ਼ਰਮਾ ਨੇ ਦੱਸਿਆ ਕਿ ਇਹ ਪ੍ਰੀਖਿਆ ਪਾਸ ਕਰਨ ਲਿੱਚ ਕੁੜੀਆਂ ਦੀ ਗਿਣਤੀ ਵੱਧ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਵੀ ਵੱਡੀ ਗਿਣਤੀ ਅਜਿਹੀ ਪਾਸ ਹੋਣ ਵਾਲੇ ਮੁੰਡਿਆਂ ਦੀ ਹੈ, ਜੋ ਕਿ ਚਾਰ ਤੋਂ ਪੰਜ ਵਾਰੀ ਟੈਸਟ ਦੇਣ ਤੋਂ ਬਾਅਦ ਪਾਸ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬਾਰਵੀਂ ਜਮਾਤ ਪਾਸ ਕਰਨ ਦੇ ਬਾਵਜੂਦ ਜੇਕਰ ਇੱਕ ਇੰਗਲਿਸ਼ ਦਾ ਟੈਸਟ ਦੇਣ ਦੇ ਵਿੱਚ ਵਿਦਿਆਰਥੀਆਂ ਨੂੰ ਪੇਂਡੂ ਖੇਤਰ ਦੇ ਅੰਦਰ ਸਮੱਸਿਆ ਆ ਰਹੀ ਹੈ, ਤਾਂ ਇਸ ਨੂੰ ਲੈ ਕੇ ਸਿੱਖਿਆ ਸਬੰਧੀ ਵੀ ਸਵਾਲ ਖੜੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਸਰਕਾਰਾਂ ਇਸ ਸਬੰਧੀ ਲਗਾਤਾਰ ਕੰਮ ਕਰ ਰਹੀਆਂ ਹਨ, ਪਰ ਇਸ ਵਿੱਚ ਹੋਰ ਸੁਧਾਰਾਂ ਦੀ ਵੀ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਅੰਕੜਾ 22 ਜ਼ਿਲ੍ਹਿਆਂ ਦੇ 44 ਪਿੰਡਾਂ ਦਾ ਹੈ ਅਤੇ ਅਸੀਂ ਕੁੱਲ 9,492 ਘਰਾਂ ਦੇ ਸੈਂਪਲ ਲਏ ਹਨ, ਜਿਨ੍ਹਾਂ ਵਿੱਚੋਂ 640 ਮਾਈਗ੍ਰੇਂਟ ਅਤੇ 660 ਨੋਨ-ਮਾਈਗ੍ਰੇਂਟ ਸ਼ਾਮਿਲ ਹਨ। 831 ਦੇ ਕਰੀਬ ਕੁੱਲ ਮਾਈਗ੍ਰੇਂਟ ਕਵਰ ਕੀਤੇ ਗਏ ਹਨ।
ਕਰਜ਼ਾ ਚੜਾ ਰਹੇ ਪੰਜਾਬੀ: ਵਿਦੇਸ਼ ਜਾਣ ਲਈ ਪੀਏਯੂ ਸਮਾਜ ਵਿਗਿਆਨ ਵੱਲੋਂ ਪੇਂਡੂ ਖੇਤਰ ਵਿੱਚੋਂ ਲਏ ਗਏ ਅੰਕੜਿਆਂ ਤੋਂ ਇਹ ਖੁਲਾਸਾ ਹੋਇਆ ਹੈ ਕਿ ਸਟਡੀ ਵੀਜ਼ਾ 'ਤੇ ਲਗਭਗ 19 ਤੋਂ 20 ਲੱਖ ਰੁਪਏ ਦਾ ਖ਼ਰਚਾ ਆ ਰਿਹਾ ਹੈ, ਜਦਕਿ ਸਪਾਊਜ਼ ਵੀਜ਼ਾ ਉੱਤੇ 3 ਲੱਖ ਰੁਪਏ ਅਤੇ ਇਸੇ ਤਰ੍ਹਾਂ ਡਿਪੈਂਡੈਂਟ ਵੀਜ਼ਾ ਅਤੇ ਵਰਕ ਵੀਜ਼ਾ 'ਤੇ ਲਗਭਗ 4 ਲੱਖ ਰੁਪਏ ਦਾ ਖ਼ਰਚਾ ਆ ਰਿਹਾ ਹੈ। ਇਸੇ ਤਰ੍ਹਾਂ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਜਾ ਰਹੇ ਹਨ, ਉਨ੍ਹਾਂ ਨੂੰ 30 ਲੱਖ ਤੋਂ 35 ਲੱਖ ਰੁਪਏ ਤੱਕ ਖ਼ਰਚਣੇ ਪੈ ਰਹੇ ਹਨ। ਇਹ ਸਾਰਾ ਪੈਸਾ ਕਰਜ਼ੇ ਦੇ ਰੂਪ ਵਿੱਚ ਆਪਣੀਆਂ ਘਰੇਲੂ ਵਸਤਾਂ ਦੀ ਵਿਕਰੀ ਕਰਕੇ ਵੀ ਜੁਟਾਇਆ ਜਾ ਰਿਹਾ ਹੈ ਜਿਸ ਵਿੱਚ ਟਰੈਕਟਰ ਵੇਚਣਾ, ਘਰ ਗਿਰਵੀ ਰੱਖਣਾ ਆਦਿ। ਇਸ ਤੋਂ ਇਲਾਵਾ ਆਪਣੀਆਂ ਜ਼ਮੀਨਾਂ ਵੇਚਣ ਆਦਿ ਇਸ ਵਿੱਚ ਸ਼ਾਮਿਲ ਹੈ।
ਅਸਿਸਟੈਂਟ ਪ੍ਰੋਫੈਸਰ ਅਮਿਤ ਗੁਲੇਰੀਆ ਨੇ ਦੱਸਿਆ ਕਿ 1990 ਤੋਂ ਲੈ ਕੇ 2022 ਤੱਕ ਪੰਜਾਬ ਵਿੱਚ 13.44 ਫੀਸਦੀ ਅਜਿਹੇ ਘਰ ਹਨ, ਜਿਨ੍ਹਾਂ ਵਿੱਚੋਂ ਘੱਟੋ ਘੱਟ ਇੱਕ ਪਰਿਵਾਰ ਦਾ ਮੈਂਬਰ ਵਿਦੇਸ਼ ਚਲਾ ਗਿਆ ਹੈ। ਵਿਦੇਸ਼ ਜਾ ਕੇ ਪੜ੍ਹਾਈ ਕਰਵਾਉਣ ਲਈ ਲਗਭਗ ਹਰ ਪਰਿਵਾਰ 'ਤੇ 1.23 ਲੱਖ ਰੁਪਏ ਦਾ ਅੰਦਾਜ਼ਨ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਵੱਲੋਂ ਆਪਣੇ ਪਰਿਵਾਰਿਕ ਮੈਂਬਰ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲਿਆ ਗਿਆ ਹੈ। ਇੱਕ ਅੰਦਾਜੇ ਦੇ ਮੁਤਾਬਕ ਲਏ ਗਏ ਸੈਂਪਲਾਂ ਦੇ ਆਧਾਰ ਉੱਤੇ ਲਗਭਗ 5,636 ਕਰੋੜ ਰੁਪਏ ਹਨ। ਜੇਕਰ, ਆਲ ਓਵਰ ਇਸ ਦਾ ਅੰਕੜਾ ਕੱਢਿਆ ਜਾਵੇ ਤਾਂ ਡਾਕਟਰ ਅਮਿਤ ਨੇ ਦੱਸਿਆ ਕਿ ਕੁੱਲ ਪੰਜਾਬੀਆਂ ਨੇ ਵਿਦੇਸ਼ ਜਾ ਕੇ ਵਸਣ ਲਈ 14 ਹਜ਼ਾਰ, 342 ਕਰੋੜ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ।
ਵਿਦੇਸ਼ ਜਾਣ ਦੇ ਕਾਰਨ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੇਂਡੂ ਖੇਤਰ ਵਿੱਚ ਕੀਤੀ ਗਈ ਰਿਸਰਚ ਦੇ ਅਧਾਰ 'ਤੇ ਇਹ ਜਾਣਕਾਰੀ ਹਾਸਿਲ ਹੋਈ ਹੈ ਕਿ ਵਿਦੇਸ਼ ਜਾ ਕੇ ਵਸਣ ਦਾ ਪੰਜਾਬੀਆਂ ਦਾ ਮੁੱਖ ਕਾਰਨ ਪੰਜਾਬ ਵਿੱਚ ਉਨ੍ਹਾਂ ਦੀ ਪੜ੍ਹਾਈ ਦੇ ਮੁਤਾਬਿਕ ਨੌਕਰੀਆਂ ਨਾ ਮਿਲਣਾ ਹੈ। ਇਸ ਤੋਂ ਇਲਾਵਾ ਵਿਦੇਸ਼ ਜਾ ਕੇ ਚੰਗੀ ਸੋਸ਼ਲ ਲਾਈਫ ਮਿਲਣਾ, ਨਸ਼ੇ ਤੋਂ ਦੂਰ ਰਹਿਣਾ ਆਦਿ ਵਰਗੇ ਅਜਿਹੇ ਕਾਰਨ ਹਨ ਜਿਸ ਕਰਕੇ ਪੰਜਾਬੀ ਵਿਦੇਸ਼ ਜਾ ਕੇ ਵਸਣ ਦੇ ਚਾਹਵਾਨ ਹਨ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ, ਤਾਂ 90 ਫੀਸਦੀ ਪਰਿਵਾਰਾਂ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੇ ਘਰ ਦਾ ਮੈਂਬਰ ਵਿਦੇਸ਼ ਗਿਆ ਹੈ, ਤਾਂ ਉਹ ਇਸ ਤੋਂ ਖੁਸ਼ ਹਨ ਕਿ ਉਹ ਉੱਥੇ ਹੀ ਪੱਕਾ ਹੋ ਗਿਆ ਹੈ ਅਤੇ ਉਥੇ ਹੀ ਆਪਣਾ ਜੀਵਨ ਬਤੀਤ ਕਰ ਰਿਹਾ ਹੈ।