ਚੰਡੀਗੜ੍ਹ: ਮੋਹਾਲੀ ਦੇ ਪਿੰਡ ਸੋਹਾਣਾ ਵਿਚ ਇਕ ਬਹੁ-ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ। ਇਹ ਹਾਦਸਾ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਤੋਂ ਲਾਂਡਰਾਂ ਰੋੜ 'ਤੇ ਵਾਪਰਿਆ ਹੈ।ਇਸ ਹਾਦਸੇ ਤੋਂ ਬਾਅਦ ਹਫ਼ੜਾ-ਦਫ਼ੜੀ ਮਚ ਗਈ। ਦੱਸ ਜਾ ਰਿਹਾ ਹੈ ਕਿ ਇਸ ਇਮਾਰਤ 'ਚ ਜਿੰਮ ਚਲਾਇਆ ਜਾ ਰਿਹਾ ਸੀ। ਜਾਣਕਾਰੀ ਮੁਤਾਬਿਕ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਲਗਭਗ 10 ਤੋਂ ਜਿਆਦਾ ਲੋਕ ਜਿੰਮ 'ਚ ਦਾਖਲ ਸਨ ਅਤੇ ਉਨ੍ਹਾਂ ਦੇ ਦੱਬੇ ਹੋਣ ਦਾ ਖ਼ਾਦਸ਼ਾ ਜਤਾਇਆ ਜਾ ਰਿਹਾ ਹੈ।
ਇਸ ਸਬੰਧੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ, ਸਾਡਾ ਪੂਰਾ ਧਿਆਨ ਲੋਕਾਂ ਨੂੰ ਬਾਹਰ ਕੱਢਣ 'ਤੇ ਹੈ। NDRF ਅਤੇ ਫੌਜ ਦੇ ਜਵਾਨਾਂ ਵਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ ਅਤੇ ਪੁਲਿਸ ਵੀ ਉਨ੍ਹਾਂ ਦਾ ਸਹਿਯੋਗ ਕਰ ਰਹੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਾਡੀ ਤਰਜੀਹ ਵੱਧ ਤੋਂ ਵੱਧ ਜਾਨਾਂ ਬਚਾਉਣਾ ਹੈ।
ਕਿੰਝ ਵਾਪਰਿਆ ਹਾਦਸਾ
ਦੱਸਿਆ ਜਾ ਰਿਹਾ ਕਿ ਹਾਦਸੇ ਦਾ ਸ਼ਿਕਾਰ ਹੋਈ ਇਸ ਇਮਾਰਤ ਦੇ ਨਾਲ ਦੂਜੀ ਇਮਾਰਤ 'ਚ ਖੁਦਾਈ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਤੋਂ ਬਾਅਦ ਬਚਾਅ ਕਾਰਜ ਲਗਾਤਾਰ ਜਾਰੀ ਹੈ। ਵਿੱਚ ਕਈ ਜੇਬੀਸੀ ਮਸ਼ੀਨਾਂ, ਪ੍ਰਸ਼ਾਸਨ ਅਤੇ ਲੋਕ ਲੱਗੇ ਹੋਏ ਹਨ। ਬਚਾਓ ਕਾਰਜ ਲਈ ਐਨਡੀਆਰਐਫ ਦੀਆਂ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਇਸ ਇਮਾਰਤ ਵਿੱਚ ਜਿੰਮ ਚਲ ਰਿਹਾ ਸੀ। ਜਿਸ ਸਮੇਂ ਇਮਾਰਤ ਢਹਿ ਢੇਰੀ ਹੋਈ ਉਸ ਸਮੇਂ ਵੀ ਜਿਮ ਖੁੱਲ੍ਹੇ ਹੋਣ ਦੀ ਖ਼ਬਰ ਹੈ। ਮਲਬੇ ਨੂੰ ਹਟਾਇਆ ਜਾ ਰਿਹਾ ਅਤੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਇਸ ਇਮਾਰਤ ਡਿੱਗਣ ਦੀ ਘਟਨਾ 'ਚ ਹਿਮਾਚਲ ਪ੍ਰਦੇਸ਼ ਦੇ ਥੀਓਗ ਦੀ ਜ਼ਖਮੀ 29 ਸਾਲਾ ਦ੍ਰਿਸ਼ਟੀ ਵਰਮਾ ਦੀ ਮੌਤ ਹੋ ਗਈ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਫੋਰਸ ਨੇ ਉਸ ਨੂੰ ਗੰਭੀਰ ਹਾਲਤ 'ਚ ਮਲਬੇ 'ਚੋਂ ਬਾਹਰ ਕੱਢਿਆ। ਦੇਰ ਰਾਤ ਕਾਰਜਕਾਰੀ ਡੀਸੀ ਵਿਰਾਜ ਐਸ ਟਿੱਡਕੇ ਨੇ ਦੱਸਿਆ ਕਿ ਉਸ ਨੂੰ ਸੋਹਾਣਾ ਹਸਪਤਾਲ ਲਿਜਾਇਆ ਗਿਆ।
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ
ਹਾਦਸੇ ਵਾਲੀ ਥਾਂ ਪਹੁੰਚੇ ਮੋਹਾਲੀ ਦੇ ਐਸ.ਐੱਸ.ਪੀ ਦੀਪਕ ਪਾਰਿਕ ਨੇ ਆਖਿਆ ਕਿ ਜਿਵੇਂ ਹੀ ਸਾਨੂੰ ਘਟਨਾ ਦਾ ਪਤਾ ਲੱਗਿਆ ਅਸੀਂ ਮੌਕੇ 'ਤੇ ਪਹੁੰਚੇ ਹਾਂ। ਸਾਡੇ ਵੱਲੋਂ ਸਾਰੇ ਬਚਾਅ ਦੇ ਪ੍ਰਬੰਧ ਕਰ ਲਏ ਗਏ ਹਨ। ਲੋਕਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਡੀਆਈਜੀ ਹੁਰਚਰਨ ਸਿੰਘ ਭੁੱਲਰ ਨੇ ਆਖਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਹਾਲੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਮਲਬੇ ਅੰਦਰ ਕਿੰਨੇ ਵਿਅਕਤੀ ਦੱਬੇ ਹੋ ਸਕਦੇ ਹਨ। ਇਸ ਘਟਨਾ ਦਾ ਪਤਾ ਚਲਦਿਆਂ ਹੀ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਹੋਰ ਉਚ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਗਏ।