ਚੰਡੀਗੜ੍ਹ :ਪਿਛਲੇ ਕਈ ਦਿਨਾਂ ਤੋਂ ਜੇਲ੍ਹ ਵਿੱਚ ਬੰਦ ਸਮਾਜ ਸੇਵੀ ਅਤੇ ਸੋਸ਼ਲ ਮੀਡੀਆ ਦਾ ਜਾਣਿਆ ਮਾਣਿਆ ਨਾਮ ਭਾਨਾ ਸਿੱਧੂ ਨੂੰ ਆਖਿਰਕਾਰ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਮਿਲਣ ਤੋਂ ਬਾਅਦ ਅੱਜ ਉਹ ਜੇਲ੍ਹ ਵਿੱਚੋਂ ਬਾਹਰ ਆ ਗਿਆ ਹੈ। ਮੁਹਾਲੀ ਵਿੱਚ ਦਰਜ ਕੇਸ ਵਿੱਚ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦਿੱਤੀ ਗਈ ਹੈ। ਇਥੇ ਦੱਸਣਯੋਗ ਹੈ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ 10 ਫਰਵਰੀ ਨੂੰ ਭਾਨੇ ਨੂੰ ਰਿਹਾ ਕੀਤਾ ਜਾਵੇਗਾ, ਪਰ ਉਸਨੁੰ ਅੱਜ ਰਿਹਾ ਕੀਤਾ ਗਿਆ ਹੈ।
ਦਰਅਸਲ ਭਾਨਾ ਸਿੱਧੂ ਵਿਰੁੱਧ ਲੁਧਿਆਣਾ ਤੇ ਪਟਿਆਲਾ ਵਿੱਚ ਕੇਸ ਦਰਜ ਹਨ। ਮੁਹਾਲੀ 'ਚ ਉਸ 'ਤੇ ਇਮੀਗ੍ਰੇਸ਼ਨ ਕੰਪਨੀ ਦੇ ਸੰਚਾਲਕ ਨੂੰ ਧਮਕਾਉਣ ਤੇ ਬਲੈਕਮੇਲ ਕਰਨ ਦੇ ਦੋਸ਼ ਤਹਿਤ ਕੇਸ ਦਰਜ ਹੈ। ਭਾਨਾ ਸਿੱਧੂ ਦੀ ਸਾਥੀ ਅਮਨਾ ਸਿੱਧੂ ਵੀ ਇਸ ਮਾਮਲੇ ਵਿੱਚ ਮੁਲਜ਼ਮ ਹੈ। ਇਹ ਮਾਮਲਾ ਮੁਹਾਲੀ ਦੇ ਥਾਣਾ ਫੇਜ਼-1 ਵਿੱਚ ਦਰਜ ਕੀਤਾ ਗਿਆ ਹੈ।
ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਸ਼ਿਕਾਇਤ ਦਿੱਤੀ ਸੀ: ਕਿੰਦਰਬੀਰ ਸਿੰਘ ਬਦੇਸ਼ਾ ਵਾਸੀ ਸੰਗਰੂਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੀ ਫੇਜ਼-5 ਵਿੱਚ ਉੱਚ ਪੱਧਰੀ ਇਮੀਗ੍ਰੇਸ਼ਨ ਸਲਾਹਕਾਰ ਕੰਪਨੀ ਹੈ। ਉਸ ਨੇ ਕਈ ਤਰ੍ਹਾਂ ਦੇ ਦੋਸ਼ ਲਾਏ ਸਨ। ਇਸ ਤੋਂ ਬਾਅਦ ਭਾਨਾ ਸਿੱਧੂ ਅਤੇ ਅਮਨਾ ਸਿੱਧੂ ਨੂੰ ਆਈ.ਪੀ.ਸੀ. ਦੀ ਧਾਰਾ 294 (ਅਸ਼ਲੀਲ ਹਰਕਤਾਂ), 387 (ਕਿਸੇ ਵਿਅਕਤੀ ਨੂੰ ਮੌਤ ਦੇ ਡਰੋਂ ਜਾਂ ਫਿਰੌਤੀ ਲਈ ਗੰਭੀਰ ਸੱਟ ਮਾਰਨ), 506 (ਧਮਕਾਉਣ) ਤਹਿਤ ਨਾਮਜ਼ਦ ਕੀਤਾ ਗਿਆ ਹੈ।
ਏਜੰਟਾਂ ਤੋਂ ਲੋਕਾਂ ਦੇ ਪੈਸੇ ਵਾਪਸ ਕਰਵਾਉਂਦਾ ਸੀ ਭਾਨਾ ਸਿੱਧੂ:ਇਸ ਤੋਂ ਪਹਿਲਾਂ ਅਦਾਲਤ ਵਿੱਚ ਦੋ ਦਿਨ ਪਹਿਲਾਂ ਜਦੋਂ ਭਾਨਾ ਸਿੱਧੂ ਨੂੰ ਪੇਸ਼ ਕੀਤਾ ਗਿਆ ਸੀ ਤਾਂ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਕਿ ਉਹ ਨਿਰਦੋਸ਼ ਹੈ, ਉਸ ਨੇ ਕੋਈ ਪੈਸਾ ਨਹੀਂ ਮੰਗਿਆ ਹੈ। ਉਹਨਾਂ ਕਿਹਾ ਸੀ ਕਿ ਜਾਣ ਬੁਝ ਕੇ ਸਰਕਾਰ ਉਸ ਨੂੰ ਫਸਾ ਰਹੀ ਹੈ, ਉਹ ਨਹੀਂ ਚਾਹੁੰਦੇ ਕਿ ਉਹ ਲੋਕਾਂ ਦੀ ਸੇਵਾ ਕਰਦਾ ਰਹੇ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਇਸ ਦਾ ਡਰ ਸਤਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਲੋਕਾਂ ਲਈ ਲਗਾਤਾਰ ਸੇਵਾ ਕਰਦਾ ਰਹੇਗਾ ਅਤੇ ਫਰਜੀ ਟਰੈਵਲ ਏਜੰਟਾਂ ਦੇ ਖਿਲਾਫ ਆਪਣਾ ਮੋਰਚਾ ਖੋਲ੍ਹ ਕੇ ਰੱਖੇਗਾ, ਜੋ ਪੰਜਾਬ ਦੇ ਲੋਕਾਂ ਦਾ ਲੱਖਾਂ ਰੁਪਿਆ ਲੁੱਟ ਰਹੇ ਹਨ ਤੇ ਉਹਨਾਂ ਨੂੰ ਚੂਨਾ ਲਗਾ ਰਹੇ ਹਨ।
ਪਰਿਵਾਰ ਉਤੇ ਵੀ ਹੋਇਆ ਮਾਮਲਾ ਦਰਜ:ਜ਼ਿਕਰਯੋਗ ਹੈ ਕਿ ਬਰਨਾਲਾ ਪੁਲਿਸ ਵਲੋਂ ਭਾਨਾ ਸਿੱਧੂ ਦੇ ਸਾਰੇ ਪਰਿਵਾਰ ਸਣੇ 18 ਲੋਕਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ, ਜਦਕਿ 100 ਤੋਂ ਵੱਧ ਅਣਪਛਾਤਿਆਂ ਦਾ ਨਾਂ ਵੀ ਪਰਚੇ 'ਚ ਸ਼ਾਮਲ ਹੈ। ਇਹ ਪਰਚਾ 3 ਫਰਵਰੀ ਨੂੰ ਮੁੱਖ ਮੰਤਰੀ ਮਾਨ ਦੀ ਕੋਠੀ ਦੇ ਘਿਰਾਓ ਦੌਰਾਨ ਹੋਏ ਪ੍ਰਦਰਸ਼ਨ ਨੂੰ ਲੈਕੇ ਕੀਤਾ ਗਿਆ ਹੈ।