ਅੰਮ੍ਰਿਤਸਰ/ਤਰਨਤਾਰਨ/ਕਪੂਰਥਲਾ/ਹੁਸ਼ਿਆਰਪੁਰ/ਮੋਗਾ/ਬਰਨਾਲਾ/ਰੂਪਨਗਰ:ਸੰਯੁਕਤ ਕਿਸਾਨ ਮੋਰਚਾ (SKM) ਅਤੇ ਰਾਸ਼ਟਰੀ ਟਰੇਡ ਯੂਨੀਅਨਾਂ ਨੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਤੀਜੇ ਦੌਰ ਦੀ ਗੱਲਬਾਤ ਦੀ ਅਸਫਲਤਾ ਤੋਂ ਬਾਅਦ ਯੂਨਾਈਟਿਡ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ-ਹਰਿਆਣਾ ਸਰਹੱਦ 'ਤੇ ਬੈਠਣ ਦਾ ਫੈਸਲਾ ਕੀਤਾ ਹੈ। ਬੰਦ ਦੇ ਸੱਦੇ ਦੇ ਨਾਲ ਹੀ ਲੋਕਾਂ ਨੂੰ ਬੇਲੋੜੇ ਬਾਹਰ ਨਾ ਨਿਕਲਣ ਦੀ ਵੀ ਅਪੀਲ ਕੀਤੀ ਗਈ ਹੈ।
ਦੂਜੇ ਪਾਸੇ, ਅੰਮ੍ਰਿਤਸਰ ਵਿੱਚ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਕਾਂਗਰਸੀਆਂ ਨਾਲ ਵੀ ਪੁਲਿਸ ਨੇ ਹੱਥੋਪਾਈ ਕੀਤੀ। ਜਗਰਾਉਂ ਵਿੱਚ ਮਹਿਲਾ ਕਿਸਾਨਾਂ ਨੇ ਰੋਸ ਮਾਰਚ ਕੱਢਿਆ। ਜਲੰਧਰ 'ਚ ਵੀ ਲੋਕਾਂ ਨੇ ਖੁਦ ਬਾਜ਼ਾਰ ਬੰਦ ਰੱਖੇ। ਲੁਧਿਆਣਾ ਵਿੱਚ 10 ਥਾਵਾਂ ’ਤੇ ਧਰਨੇ ਦਿੱਤੇ ਗਏ ਅਤੇ ਜੀ.ਟੀ.ਰੋਡ ਬੰਦ ਕਰ ਦਿੱਤਾ ਗਿਆ। ਕੋਹਾੜ ਚੌਕ ਵਿਖੇ ਲੱਗੇ ਜਾਮ ਤੋਂ ਬਾਅਦ ਲੁਧਿਆਣਾ-ਚੰਡੀਗੜ੍ਹ ਰੋਡ ਵੀ ਬੰਦ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਇਹ ਬੰਦ ਦਾ ਸੱਦਾ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਦਿੱਤਾ ਸੀ।
ਅੰਮ੍ਰਿਤਸਰ ਵਿੱਚ ਬੰਦ ਦਾ ਅਸਰ:ਸੰਯੁਕਤ ਕਿਸਾਨ ਮੋਰਚੇ ਵੱਲੋਂ ਹੱਕੀ ਮੰਗਾਂ ਲਈ ਵੱਖ ਵੱਖ ਬਾਡਰਾਂ 'ਤੇ ਕਿਸਾਨੀ ਘੋਲ ਲੜ ਰਹੇ ਕਿਸਾਨਾਂ ਦੇ ਹੱਕਾਂ ਵਿੱਚ ਆਵਾਜ਼ ਬੁਲੰਦ ਕਰਦਿਆਂ ਦਿੱਤੀ ਭਾਰਤ ਬੰਦ ਦੀ ਕਾਲ ਨੂੰ ਦੇਸ਼ ਭਰ ਵਿੱਚ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ ਹੈ। ਇਸ ਦੇ ਚੱਲਦਿਆਂ ਦਰਿਆ ਬਿਆਸ ਨੇੜੇ ਸਥਿਤ ਵੱਡੇ ਇੰਟਰਨੈਸ਼ਨਲ ਸਟੋਰ ਮੈਕਡੋਨਲਡ, ਡੋਮੀਨੋਜ਼, 24 / 7 ਰਿਫਰੈਸ਼ਮੈਂਟ ਸਟੋਰ, ਵੇਰਕਾ ਸਣੇ ਕਈ ਵੱਡੇ ਅਦਾਰਿਆਂ ਵੱਲੋਂ ਅੱਜ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਆਪਣੇ ਸਟੋਰਾਂ ਨੂੰ ਬੰਦ ਕੀਤਾ ਗਿਆ ਹੈ।
ਇਸ ਦੇ ਨਾਲ ਹੀ, ਅੰਮ੍ਰਿਤਸਰ ਦਿੱਲੀ ਮੁੱਖ ਮਾਰਗ 'ਤੇ ਬਣੇ ਢਿੱਲਵਾਂ ਟੋਲ ਪਲਾਜ਼ਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ, ਜਿੱਥੇ ਅਕਸਰ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲਦੀਆਂ ਹਨ। ਪਰ, ਅੱਜ ਭਾਰਤ ਬੰਦ ਦੀ ਕਾਲ ਨੂੰ ਲੈ ਕੇ ਇੱਕਾ ਦੁੱਕਾ ਵਾਹਨ ਹੀ ਇਥੋਂ ਗੁਜ਼ਰਦੇ ਹੋਏ ਦਿਖਾਈ ਦਿੱਤੇ। ਮਾਝੇ ਦੇ ਸ਼ੁਰੂਆਤੀ ਕਸਬਾ ਬਿਆਸ, ਬਾਬਾ ਬਕਾਲਾ, ਰਈਆ, ਮਹਿਤਾ, ਖਲਚੀਆਂ, ਟਾਂਗਰਾ, ਸਠਿਆਲਾ ਬੁਤਾਲਾ ਸਮੇਤ ਨਜ਼ਦੀਕੀ ਪਿੰਡਾਂ ਦੇ ਵਿੱਚ ਵੀ ਬੰਦ ਨੂੰ ਰਲਵਾਂ ਮਿਲਵਾ ਹੁੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ।
ਇਸ ਦੌਰਾਨ ਦੁਕਾਨਦਾਰ ਸੰਦੀਪ ਕੁਮਾਰ, ਗਗਨ ਮਦਾਨ ਆਦੇ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਕਿਸਾਨਾਂ ਦੇ ਬੰਦ ਦੀ ਕਾਲ ਦਾ ਸਮਰਥਨ ਕਰਦੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰਨਾ ਹਰ ਇੱਕ ਨਾਗਰਿਕ ਦਾ ਹੱਕ ਹੈ, ਪਰ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਸਰਕਾਰ ਵੱਲੋਂ ਕੀਤੀ ਜਾ ਰਹੀ ਕਥਿਤ ਧੱਕੇਸ਼ਾਹੀ ਨਿੰਦਨ ਯੋਗ ਹੈ।
ਤਰਨਤਾਰਨ ਤੋਂ ਤਸਵੀਰਾਂ: ਕਿਸਾਨਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਮੁੱਖ ਮਾਰਗ ਨੂੰ ਬੰਦ ਕਰਕੇ ਚੱਕਾ ਜਾਮ ਕੀਤਾ ਗਿਆ। ਭਾਰਤ ਬੰਦ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਤਰਨਤਾਰਨ ਦੇ ਖਾਲੜਾ ਵਿਖੇ ਬਜ਼ਾਰ ਬੰਦ ਕਰਵਾਇਆ ਗਿਆ। ਇਸ ਤੋਂ ਇਲਾਵਾ ਸਿੱਧਵਾਂ ਵਲੋਂ ਆਪਣੀ ਯੂਨੀਅਨ ਦੀ ਤਰਫੋਂ 13 ਫਰਵਰੀ ਨੂੰ ਸ਼ੰਭੂ ਬਾਰਡਰ ਕੰਢੇ ਆਪਣੀਆਂ ਮੰਗਾਂ ਮੰਨਵਾਉਣ ਲਈ ਸ਼ਾਂਤਮਈ ਢੰਗ ਨਾਲ ਇਕੱਠੇ ਹੋਏ ਕਿਸਾਨ ਮਜ਼ਦੂਰ ਜਥੇਬੰਦੀਆਂ ਉਪਰ ਸੁਟੇ ਗਏ ਅੱਥਰੂ ਗੈਸ ਦੇ ਗੋਲੇ ਅਤੇ ਕੀਤੀ ਗਈ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਗਏ ਸਨ ਉਸ ਨੂੰ ਪੂਰਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ, ਕੇਂਦਰ ਸਰਕਾਰ ਵੱਲੋਂ ਮੁਲਾਜ਼ਮ ਮਾਰੂ ਨੀਤੀਆਂ ਤਹਿਤ ਕਾਨੂੰਨ ਬਣਾਏ ਜਾ ਰਹੇ ਹਨ ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਹੁਸ਼ਿਆਰਪੁਰ ਵਿੱਚ ਵੀ ਹਾਈਵੇ ਜਾਮ:ਹੁਸ਼ਿਆਰਪੁਰ ਦੇ ਫਗਵਾੜਾ ਬਾਈਪਾਸ ਜਾਮ ਕਰਕੇ ਕਿਸਾਨ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਦੋਂ ਕਿਸਾਨ ਆਗੂਆਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਮੰਗਾਂ ਮੰਨੀਆਂ ਗਈਆਂ ਸੀ, ਉਨ੍ਹਾਂ ਉੱਤੇ ਵੀ ਕੋਈ ਗੌਰ ਨਹੀਂ ਕੀਤਾ ਜਾ ਰਿਹਾ। ਉਪਰੋਂ ਕਿਸਾਨਾਂ ਉੱਤੇ ਬਾਰਡਰਾਂ ਉੱਤੇ ਤਸ਼ਦਦ ਢਾਹੀ ਗਈ ਹੈ, ਜੋ ਕਿ ਸਰਾਸਰ ਗ਼ਲਤ ਹੈ।