ਮੋਗਾ : ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ 'ਤੇ ਠੱਲ ਪਾਉਣ ਲਈ ਪੰਜਾਬ ਪੁਲਿਸ ਨੂੰ ਸਖ਼ਤ ਨਿਰਦੇਸ਼ ਦਿੱਤੇ ਹੋਏ ਹਨ। ਜਿਸ ਦੇ ਚੱਲਦੇ ਪੁਲਿਸ ਜਿਥੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਰਹੀ ਹੈ ਤਾਂ ਉਥੇ ਹੀ ਉਨ੍ਹਾਂ ਤਸਕਰਾਂ ਵਲੋਂ ਨਸ਼ੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਜ਼ਬਤ ਕਰ ਰਹੀ ਹੈ। ਇਸ ਦੇ ਚੱਲਦੇ ਮੋਗਾ ਪੁਲਿਸ ਵਲੋਂ ਵੀ ਲਗਾਤਾਰ ਨਸ਼ਾ ਤਸਕਰਾਂ ਦੇ ਉਪਰ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਨਸ਼ਾ ਤਸਕਰਾਂ 'ਤੇ ਕਾਰਵਾਈ ਕੀਤੀ ਜਾ ਰਹੀ।
ਨਸ਼ਾ ਤਸਕਰਾਂ ਦੀ ਪ੍ਰਾਪਰਟੀ ਸੀਜ਼ (ETV BHARAT ਪੱਤਰਕਾਰ ਮੋਗਾ) ਨਸ਼ੇ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ
ਇਸ ਸਬੰਧੀ ਜਾਣਕਾਰੀ ਅਨੁਸਾਰ ਮੋਗਾ ਪੁਲਿਸ ਵੱਲੋਂ ਵੀ ਐਸਐਸਪੀ ਅਜੇ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਥਾਣਾ ਧਰਮਕੋਟ ਦੇ ਡੀਐਸਪੀ ਰਮਨਦੀਪ ਸਿੰਘ ਦੀ ਅਗਵਾਈ 'ਚ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਪਿੰਡ ਦੌਲੇਵਾਲਾ ਦੇ 4 ਨਸ਼ਾ ਤਸਕਰਾ ਦੀ 2 ਕਰੋੜ 33 ਲੱਖ ਰੁਪਏ ਦੀ ਪ੍ਰਾਪਰਟੀ ਨੂੰ ਸੀਜ਼ ਕੀਤਾ ਗਿਆ। ਪੁਲਿਸ ਵਲੋਂ ਇੰਨ੍ਹਾਂ ਨਸ਼ਾ ਤਸਕਰਾਂ ਤੋਂ 12 ਗੱਟੇ ਪੋਸਤ ਅਤੇ ਇਕ ਸਕਾਰਪੀਓ ਬਰਾਮਦ ਕੀਤੀ ਗਈ ਸੀ, ਜਿਸ ਦੇ ਚੱਲਦੇ ਇਹ ਕਾਰਵਾਈ ਕੀਤੀ ਗਈ ਹੈ।
ਪੁਲਿਸ ਵਲੋਂ 2 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਸੀਜ਼
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਕਿ ਐਸਐਸਪੀ ਮੋਗਾ ਦੇ ਨਿਰਦੇਸ਼ਾਂ ਦੇ ਤਹਿਤ ਨਸ਼ਾ ਤਸਕਰਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦੇ ਅਸੀਂ ਪਿੰਡ ਦੌਲੇਵਾਲਾ ਵਿਖੇ ਨਸ਼ਾ ਤਸਕਰ ਅਮਰਜੀਤ ਸਿੰਘ, ਪਰਮਜੀਤ ਸਿੰਘ, ਅਜੈਬ ਸਿੰਘ ਅਤੇ ਜੰਡ ਸਿੰਘ ਦੀ ਪ੍ਰਾਪਰਟੀ ਨੂੰ ਸੀਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਰਟੀ ਦੀ ਕੁੱਲ ਕੀਮਤ 2 ਕਰੋੜ 33 ਲੱਖ ਰੁਪਏ ਦੇ ਕਰੀਬ ਬਣਦੀ ਹੈ।
ਸਾਲ ਭਰ 'ਚ ਸਾਢੇ ਪੰਜ ਕਰੋੜ ਦੇ ਕਰੀਬ ਪ੍ਰਾਪਰਟੀ ਜ਼ਬਤ
ਇਸ ਦੇ ਨਾਲ ਹੀ ਡੀਐਸਪੀ ਨੇ ਦੱਸਿਆ ਕਿ ਸਾਲ 2024 'ਚ ਸਬ ਡਿਵੀਜਨ ਧਰਮਕੋਟ ਦੀ ਪੁਲਿਸ ਵਲੋਂ ਕਰੀਬ 5 ਕਰੋੜ ਤੇ 38 ਲੱਖ ਦੀ ਪ੍ਰਾਪਰਟੀ ਸੀਜ਼ ਕਰਵਾ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਅਸੀਂ ਸਾਰੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦੇ ਰਹੇ ਹਾਂ ਕਿ ਉਹ ਆਪਣਾ ਨਸ਼ਾ ਵੇਚਣਾ ਬੰਦ ਕਰ ਦੇਣ ਨਹੀਂ ਤਾਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਥੇ ਹੀ ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਤਾਂ ਸਾਨੂੰ ਇਸ ਦੀ ਸੂਚਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।