ਚੰਡੀਗੜ੍ਹ :ਕਿਸਾਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕਰਨ ਤੋਂ ਪਹਿਲਾਂ ਜਿਥੇ ਹਰਿਆਣਾ ਸਰਕਾਰ ਅਲਰਟ ਹੋ ਗਈ ਹੈ ਤਾਂ ਉਥੇ ਹੀ ਕੇਂਦਰ ਨੂੰ ਵੀ ਕਿਸਾਨਾਂ ਦੇ ਇਸ ਕੂਚ ਦੀ ਚਿੰਤਾ ਹੈ, ਕਿਉਂਕਿ ਲੋਕ ਸਭਾ ਚੋਣਾਂ ਸਿਰ 'ਤੇ ਨੇ, ਜਿਸ ਦੇ ਚੱਲਦੇ ਸਰਕਾਰ ਪਹਿਲਾਂ ਵਾਂਗ ਕਿਸਾਨ ਅੰਦੋਲਨ ਨਹੀਂ ਚਾਹੇਗੀ ਤਾਂ ਜੋ ਉਨ੍ਹਾਂ ਨੂੰ ਚੋਣਾਂ ਜਿੱਤਣ 'ਚ ਅਸਾਨੀ ਹੋ ਸਕੇ। ਇਸ ਦੇ ਚੱਲਦੇ ਕਿਸਾਨਾਂ ਜਥੇਬੰਦੀਆਂ ਨਾਲ ਕੇਂਦਰੀ ਟੀਮ ਵਲੋਂ ਚੰਡੀਗੜ੍ਹ ਦੇ ਸੈਕਟਰ 26 ਦੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ 'ਚ 'ਚ ਮੀਟਿੰਗ ਕੀਤੀ ਗਈ ਹੈ। ਕੇਂਦਰ ਦੀ ਇਸ ਟੀਮ 'ਚ ਕੇਂਦਰੀ ਮੰਤਰੀ ਪਿਊਸ਼ ਗੋਇਲ, ਨਿਤਿਆਨੰਦ ਰਾਏ ਅਤੇ ਅਰਜੁਨ ਮੁੰਡਾ ਸ਼ਾਮਲ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਕਈ ਅਧਿਕਾਰੀ ਵੀ ਇਸ ਮੀਟਿੰਗ 'ਚ ਸ਼ਾਮਲ ਸਨ।
ਸਾਰਥਕ ਮਾਹੌਲ 'ਚ ਹੋਈ ਗੱਲਬਾਤ: ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਜ਼ਰੀਏ ਮਸਲੇ ਦਾ ਹੱਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਵੀ ਮੀਟਿੰਗ 'ਚ ਸ਼ਾਮਲ ਹੋਏ ਤੇ ਨਾਲ ਹੀ ਪੰਜਾਬ ਸਰਕਾਰ ਦੇ ਅਧਿਕਾਰੀ ਵੀ ਮੀਟਿੰਗ 'ਚ ਮੌਜੂਦ ਰਹੇ। ਉਧਰ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਹੀ ਸਾਰਥਕ ਮਾਹੌਲ 'ਚ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਇਹ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਤਿੰਨ ਮੰਤਰੀ ਮੀਟਿੰਗ 'ਚ ਸ਼ਾਮਲ ਹੋਏ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੀ ਲੰਬੀ ਮੀਟਿੰਗ ਹੋਈ, ਜਿਸ 'ਚ ਕਿਸਾਨਾਂ ਵਲੋਂ ਆਪਣੇ ਪੱਖ ਰੱਖੇ ਗਏ ਤੇ ਕਿਸਾਨ ਅੰਦੋਲਨ ਦੌਰਾਨ ਦੀਆਂ ਮੰਗਾਂ, ਜਿੰਨ੍ਹਾਂ 'ਚ ਕਿਾਨ ਅੰਦੋਲਨ ਦੌਰਾਨ ਕਿਸਾਨਾਂ 'ਤੇ ਦਰਜ ਕੇਸ ਵਾਪਸ ਲੈਣ ਅਤੇ ਨਕਲੀ ਬੀਜ ਅਤੇ ਦਵਾਈਆਂ ਤੇ ਸਪਰੇਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀਆਂ ਗੱਲਾਂ ਹੋਈਆਂ, ਜਿੰਨ੍ਹਾਂ ਸਬੰਧੀ ਮੌਕੇ 'ਤੇ ਹੀ ਸਹਿਮਤੀ ਬਣੀ ਹੈ।
ਮੀਟਿੰਗਾਂ ਦਾ ਦੌਰ ਜਾਰੀ ਰਹੇਗਾ:ਮੁੱਖ ਮੰਤਰੀ ਮਾਨ ਦਾ ਕਹਿਣਾ ਕਿ ਅਸੀਂ ਨਹੀਂ ਚਾਹੁੰਦੇ ਕਿ ਮੰਗਾਂ ਮਨਵਾਉਣ ਲਈ ਅਸੀਂ ਦੁਆਰਾ ਮਾਰਚ ਕਰੀਏ ਤੇ ਟਰੈਕਟਰਾਂ ਨੂੰ ਦਿੱਲੀ ਵੱਲ ਲੈਕੇ ਜਾਈਏ ਤੇ ਕਿਸੇ ਦਾ ਕੋਈ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਦਿੱਲੀ ਜਾ ਕੇ ਵੀ ਇਸ ਕਮੇਟੀ ਨੂੰ ਹੀ ਮਿਲਣਾ ਸੀ ਤਾਂ ਇਸ ਕਮੇਟੀ ਨੂੰ ਹੀ ਇਥੇ ਬੁਲਾ ਲਿਆ ਹੈ। ਮੁੱਖ ਮੰਤਰੀ ਮਾਨ ਦਾ ਕਹਿਣਾ ਕਿ ਅੱਗੇ ਵੀ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਮੇਰਾ ਫਰਜ ਬਣਦਾ ਕਿ ਮੈਂ ਉਨ੍ਹਾਂ ਦਾ ਪੱਖ ਰੱਖਾ, ਜਿਸ ਕਾਰਨ ਵਕੀਲ ਬਣ ਕੇ ਮੈਂ ਉਨ੍ਹਾਂ ਦਾ ਪੱਖ ਕੇਂਦਰ ਅੱਗੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜੇ ਸਾਨੂੰ ਪੰਜਾਬ ਪੱਧਰ 'ਤੇ ਵੀ ਮੀਟਿੰਗ ਕਰਨੀ ਪਈ ਤਾਂ ਉਹ ਵੀ ਕਰਨਗੇ। ਮੁੱਖ ਮੰਤਰੀ ਮਾਨ ਦਾ ਕਹਿਣਾ ਕਿ ਐਮਐਸਪੀ ਨੂੰ ਲੈਕੇ ਵੀ ਮੰਤਰੀਆਂ ਦਾ ਕਹਿਣਾ ਸੀ ਕਿ ਪਾਲਿਸੀ ਡਿਜਾਈਨ ਇਥੇ ਨਹੀਂ ਹੋ ਸਕਦੀ, ਜਿਸ ਸਬੰਧੀ ਦਿੱਲੀ ਜਾ ਕੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਰਨੇ ਲਾ ਕੇ ਸਮਾਂ ਮੰਗਣ ਨਾਲੋਂ ਅਸੀਂ ਪਹਿਲਾਂ ਹੀ ਉਨ੍ਹਾਂ ਨੂੰ ਬੁਲਾ ਕੇ ਆਪਣੀਆਂ ਮੰਗਾਂ ਰੱਖੀਏ ਤਾਂ ਜੋ ਧਰਨਾ ਲਾਉਣ ਦੀ ਲੋੜ ਨਾ ਪਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਰਾਲੀ ਅਤੇ ਦਾਲਾਂ ਨੂੰ ਲੈਕੇ ਵੀ ਉਨ੍ਹਾਂ ਪੰਜਾਬ ਦਾ ਪੱਖ ਰੱਖਿਆ ਹੈ।
ਤੱਥਾਂ ਦੇ ਆਧਾਰ 'ਤੇ ਦੱਸੀਆਂ ਮੰਗਾਂ: ਕਿਸਾਨਾਂ ਦਾ ਕਹਿਣਾ ਕਿ ਮੀਟਿੰਗ ਸਾਰਥਕ ਹੋਈ ਹੈ ਅਤੇ ਅਸੀਂ ਤੱਥਾਂ ਦੇ ਅਧਾਰ 'ਤੇ ਆਪਣੇ ਪੱਖ ਰੱਖੇ ਹਨ। ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਐਮਐਸਪੀ ਦੀ ਜ਼ਰੂਰੀ ਗੱਲ ਉਨ੍ਹਾਂ ਕਮੇਟੀ ਅੱਗੇ ਰੱਖੀ ਹੈ ਕਿ ਅੱਜ ਦੇ ਮੌਜੂਦਾ ਪ੍ਰਧਾਨ ਮੰਤਰੀ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ ਤਾਂ ਉਨ੍ਹਾਂ ਦੇ ਖੁਦ ਦੀ ਬਣਾਈ ਹੋਈ ਕਮੇਟੀ ਦੀ ਰਿਪੋਰਟ ਸਰਕਾਰ ਦੇ ਟੇਬਲ 'ਤੇ ਪਈ ਹੈ। ਜਿਸ 'ਚ ਸਪੱਸ਼ਟ ਕਿਹਾ ਗਿਆ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦਿਓ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਵੀ ਤੱਥਾਂ ਸਮੇਤ ਉਨ੍ਹਾਂ ਸਾਹਮਣੇ ਰੱਖਿਆ ਕਿ ਕਿਸਾਨ ਕਰਜ਼ਾਈ ਕਿਵੇਂ ਹੋ ਰਿਹਾ ਹੈ।
13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਬਰਕਰਾਰ:ਡੱਲੇਵਾਲ ਨੇ ਕਿਹਾ ਕਿ ਕਮੇਟੀ ਦਾ ਕਹਿਣਾ ਕਿ ਉਹ ਕਿਸਾਨਾਂ ਵਲੋਂ ਦਿੱਤੇ ਵਿਚਾਰਾਂ ਨੂੰ ਗੰਭੀਰਤਾ ਨਾਲ ਲੈਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡਾ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਬਰਕਰਾਰ ਹੈ, ਕਿਉਂਕਿ ਕਿਸਾਨ ਨੇ ਜਲਦ ਹੋਰ ਮੀਟਿੰਗ ਕਰਨ ਦਾ ਵਿਸ਼ਵਾਸ਼ ਦਿੱਤਾ ਹੈ ਤੇ ਕੇਕਰ ਸਾਡੇ ਮਸਲੇ 13 ਤਰੀਕ ਤੋਂ ਪਹਿਲਾਂ ਮੀਟਿੰਗ ਕਰਕੇ ਹੱਲ ਹੁੰਦੇ ਹਨ ਤਾਂ ਠੀਕ ਨਹੀਂ ਫਿਰ ਦਿੱਲੀ ਕੂਚ ਦਾ ਪ੍ਰੋਗਰਾਮ ਬਰਕਰਾਰ ਰਹੇਗਾ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਸਬੰਧੀ ਉਹ ਆਪਣੇ ਸਾਰੇ ਫੋਰਮਾਂ ਨਾਲ ਮੀਟਿੰਗ ਕਰਕੇ ਸਾਂਝਾ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਤੱਥਾਂ ਸਮੇਤ ਇੱਕ-ਇੱਕ ਗੱਲ ਰੱਖੀ ਹੈ ਤਾਂ ਕਮੇਟੀ ਨੇ ਕਿਹਾ ਕਿ ਸਾਨੂੰ ਪੜਤਾਲ ਕਰ ਲੈਣ ਦਿਓ ਤੇ ਜੇਕਰ ਸਰਕਾਰ ਨੇ ਕਿਸੇ ਮੰਗ ਨੂੰ ਲੈਕੇ ਹਾਂ ਕੀਤੀ ਹੈ ਤਾਂ ਉਹ ਜ਼ਰੂਰ ਦਿੱਤੀ ਜਾਵੇਗੀ।
ਕੇਂਦਰ ਨਾਲ ਮੀਟਿੰਗ ਲਈ ਸਾਡੇ ਦਰਵਾਜ਼ੇ ਹਮੇਸ਼ਾ ਲਈ ਖੁੱਲ੍ਹੇ: ਇਸ ਦੇ ਨਾਲ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਕਿ ਮੁੱਖ ਮੰਤਰੀ ਮਾਨ ਨੇ ਸ਼ਲਾਘਾਯੋਗ ਕੰਮ ਕੀਤਾ ਕਿ ਕਿਸਾਨਾਂ ਦੀ ਕੇਂਦਰੀ ਟੀਮ ਨਾਲ ਮੀਟਿੰਗ ਕਰਵਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਸਾਰੀਆਂ ਮੰਗਾਂ ਤੱਥਾਂ ਸਣੇ ਉਨ੍ਹਾਂ ਅੱਗੇ ਰੱਖੀਆਂ ਹਨ, ਜਿਸ 'ਚ ਉੇਨ੍ਹਾਂ ਭਰੋਸਾ ਦਿੱਤਾ ਕਿ ਇੰਨ੍ਹਾਂ ਮੰਗਾਂ ਨੂੰ ਅੱਗੇ ਸਾਂਝਾ ਕਰਕੇ ਸਾਨੂੰ ਦੱਸਣਗੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਗੱਲਬਾਤ ਨਾਲ ਮਸਲੇ ਹੱਲ ਕਰਨਾ ਚਾਹੁੰਦੀ ਹੈ ਤਾਂ ਸਾਡੇ ਦਰਵਾਜ਼ੇ ਹਮੇਸ਼ਾ ਲਈ ਖੁੱਲ੍ਹੇ ਹਨ, ਕਿਉਂਕਿ ਅਸੀਂ ਗੱਲਬਾਤ ਨਾਲ ਮਸਲਿਆਂ ਦਾ ਹੱਲ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਕਿਸਾਨ ਵੀ ਇਸ ਦੇਸ਼ ਦੇ ਹੀ ਵਾਸੀ ਹਨ ਤੇ ਇੱਕ ਪਾਸੇ ਜਿਥੇ ਸਰਕਾਰ ਸਾਡੇ ਨਾਲ ਰਾਬਤਾ ਰੱਖ ਕੇ ਵਿਸ਼ਵਾਸ਼ ਕਾਇਮ ਕਰਨਾ ਚਾਹੁੰਦੀ ਹੈ ਤਾਂ ਦੂਜੇ ਪਾਸੇ ਹਰਿਆਣਾ 'ਚ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਕੁਰਕੀ ਦੇ ਡਰਾਵੇ ਦਿੱਤੇ ਜਾ ਰਹੇ ਹਨ ਅਤੇ ਪੈਰੋਲ ਪੰਪਾਂ 'ਤੇ ਤੇਲ ਨਾ ਪਾਉਣ ਦੇ ਨੋਟਿਸ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਜਾ ਰਹੀ ਅਤੇ ਪੱਥਰ ਲਾਏ ਜਾ ਰਹੇ ਹਨ।
ਪ੍ਰਧਾਨ ਮੰਤਰੀ ਚਾਹੁਣ ਤਾਂ ਲਿਆ ਸਕਦੇ ਐਮਐਸਪੀ ਕਾਨੂੰਨ:ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਇਸ ਸਬੰਧੀ ਅਸੀਂ ਵਿਚਾਰ ਰੱਖੇ ਤਾਂ ਉਨ੍ਹਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਇਸ ਮਸਲੇ ਨੂੰ ਲੈਕੇ ਬੋਲਿਆ ਕਿ ਅਜਿਹਾ ਨਹੀਂ ਹੋਣਾ ਚਾਹੀਦਾ, ਜਿਸ ਸਬੰਧੀ ਪਤਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਖੁਦ ਚਾਹੁਣ ਤਾਂ ਐਮਐਸਪੀ ਕਾਨੂੰਨੀ ਗਰੰਟੀ ਬਣ ਸਕਦਾ ਹੈ ਅਤੇ ਹਾਲੇ ਸਦਨ ਚੱਲ ਰਿਹਾ ਹੈ, ਜਿਸ ਪ੍ਰਧਾਨ ਮੰਤਰੀ ਇਹ ਕਾਨੂੰਨ ਲਿਆ ਸਕਦੇ ਹਨ। ਪੰਧੇਰ ਨੇ ਕਿਹਾ ਕਿ ਸਾਡਾ ਅੰਦੋਲਨ ਅੱਗੇ ਵੀ ਚੱਲਦਾ ਰਹੇਗਾ ਤੇ ਉਹ ਹਰ ਇੱਕ ਨੂੰ ਅਪੀਲ ਕਰਨਗੇ ਕਿ ਕਿਸਾਨਾਂ ਦੇ ਇਸ ਅੰਦੋਲਨ 'ਚ ਉਨ੍ਹਾਂ ਦਾ ਸਾਥ ਦਿੱਤਾ ਜਾਵੇ। ਇਸ ਦੇ ਨਾਲ ਹੀ ਕਿਸਾਨ ਆਗੂ ਨੇ ਕਿਹਾ ਕਿ ਮੀਟਿੰਗ ਵਧੀਆ ਮਾਹੌਲ 'ਚ ਹੋਈ ਪਰ ਹਾਲੇ ਤੱਕ ਕਿਸੇ ਮੰਗ 'ਤੇ ਸਹਿਮਤੀ ਨਹੀਂ ਬਣੀ ਹੈ। ਉਨ੍ਹਾਂ ਕਿਹਾ ਕਿ ਸਰਾਕਰ ਸਾਨੂੰ ਜਦ ਵੀ ਬੈਠਕ ਲਈ ਸੱਦੇਗੀ ਤਾਂ ਉਹ ਆਉਣਗੇ, ਕਿਉਂਕਿ ਕਿਸਾਨ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਮੌਕਾ ਨਹੀਂ ਦੇਣਾ ਚਾਹੁੰਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 13 ਤਰੀਕ ਨੂੰ ਕਰੋੜਾਂ ਕਿਸਾਨ ਦਿੱਲੀ ਵੱਲ ਕੂਚ ਕਰਨਗੇ।