ਬਰਨਾਲਾ: ਸਾਂਸਦ ਮੀਤ ਹੇਅਰ ਦੇ ਓ.ਐਸ.ਡੀ. ਅਤੇ 'ਆਪ' ਆਗੂ ਹਸਨ ਭਾਰਦਵਾਜ ਨੇ ਗੁਰਦੀਪ ਬਾਠ ਵੱਲੋਂ ਲਗਾਏ ਦੋਸ਼ਾਂ ਨੂੰ ਮੁੱਢੋਂ ਨਕਾਰਿਆ ਹੈ। ਇਸ ਦੇ ਨਾਲ ਹੀ ਮੋੜਵਾਂ ਜਵਾਬ ਦਿੰਦਿਆਂ ਜਿੱਥੇ ਬਾਠ ਦੀ ਚੁਣੌਤੀ ਸਵੀਕਾਰੀ ਹੈ, ਉੱਥੇ ਨਾਲ ਹੀ ਸਬੂਤਾਂ ਸਮੇਤ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਹੈ। ਹਸਨ ਭਾਰਦਵਾਜ ਨੇ ਕਿਹਾ ਕਿ ਗੁਰਦੀਪ ਬਾਠ ਉਸ ਖ਼ਿਲਾਫ਼ ਇਕ ਦੋਸ਼ ਵੀ ਸਾਬਤ ਕਰ ਦੇਵੇ ਤਾਂ ਉਹ ਰਾਜਨੀਤੀ ਕੀ ਜਨਤਕ ਜ਼ਿੰਦਗੀ ਵਿੱਚ ਵਿਚਰਨਾ ਵੀ ਛੱਡ ਦੇਣਗੇ।
ਮੀਤ ਹੇਅਰ ਦੇ ਓਐਸਡੀ ਦਾ ਗੁਰਦੀਪ ਬਾਠ ਨੂੰ ਮੋੜਵਾਂ ਜਵਾਬ (ETV BHARAT) 'ਦਿਨੇ ਇਲਜ਼ਾਮ ਲਗਾ ਕੇ ਸ਼ਾਮੀ ਮੰਗਦਾ ਮੁਆਫ਼ੀ'
ਹਸਨ ਭਾਰਦਵਾਜ ਨੇ ਕਿਹਾ ਕਿ ਇਮਾਨਦਾਰੀ ਹੀ ਉਨ੍ਹਾਂ ਦੀ ਪਾਰਟੀ ਅਤੇ ਆਗੂਆਂ ਦੀ ਤਾਕਤ ਹੈ। ਇਸ ਉੱਪਰ ਝੂਠੀ ਤੋਹਮਤ ਲਾ ਕੇ ਕੀਤਾ ਹਮਲਾ ਨਹੀਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਬਾਠ ਇੰਨਾਂ ਹੀ ਸੱਚਾ ਸੀ ਤਾਂ ਦਿਨੇ ਦੋਸ਼ ਲਗਾ ਕੇ ਰਾਤ ਨੂੰ ਕਿਉਂ ਫੋਨ ਕਰਕੇ ਮੁਆਫ਼ੀ ਮੰਗਦਾ ਸੀ। ਬਾਠ ਨੇ ਦਿਨੇ ਉਸ ਉੱਪਰ ਦੋਸ਼ ਲਗਾ ਕੇ ਰਾਤ ਨੂੰ ਫ਼ੋਨ ਕਰਕੇ ਕਿਹਾ ਕਿ ਉਸ ਦੀ ਇਮਾਨਦਾਰੀ ਉੱਪਰ ਕੋਈ ਸ਼ੱਕ ਨਹੀਂ ਹੈ ਅਤੇ ਉਸ ਨੇ ਗਲਤ ਦੋਸ਼ ਲਗਾਏ ਹਨ। ਇਸ ਤਰ੍ਹਾਂ ਉਹ ਖੁਦ ਹੀ ਉਸ ਉੱਪਰ ਲਗਾਏ ਦੋਸ਼ਾਂ ਤੋਂ ਵੀ ਮੁੱਕਰ ਜਾਂਦਾ ਹੈ।
ਦੋ ਅਹੁਦਿਆਂ 'ਤੇ ਵੀ ਸੰਤੁਸ਼ਟੀ ਨੀ ਤਾਂ ਫਿਰ ਕਦੋਂ ਆਵੇਗੀ
ਹਸਨ ਭਾਰਦਵਾਜ ਨੇ ਕਿਹਾ ਕਿ ਚਾਰ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਵਿੱਚ ਮੀਤ ਹੇਅਰ ਦੇ ਵਿਕਾਸ ਕਾਰਜਾਂ ਦੇ ਸੋਹਲੇ ਗਾਉਣ ਵਾਲੇ ਬਾਠ ਨੂੰ ਸਿਰਫ਼ ਟਿਕਟ ਨਾ ਮਿਲਣ ਉਤੇ ਹੀ ਆਪਣੇ ਬਿਆਨਾਂ ਤੋਂ ਮੁੱਖ ਮੋੜਨਾ ਪਿਆ। ਇੱਥੋਂ ਹੀ ਉਸ ਦੀ ਵਿਚਾਰਧਾਰਾ ਦਾ ਪਤਾ ਲੱਗਦਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਤਿੰਨ ਅਹਿਮ ਪੋਸਟਾਂ ਵਿੱਚੋਂ ਦੋ ਪੋਸਟਾਂ ਹੋਣ ਦੇ ਬਾਵਜੂਦ ਵੀ ਬਾਠ ਨੂੰ ਸੰਤੁਸ਼ਟੀ ਨਹੀਂ ਹੋਈ ਤਾਂ ਐਮ.ਐਲ.ਏ ਬਣ ਕੇ ਕਿਵੇਂ ਸਬਰ ਕਰ ਸਕਦਾ। ਮੰਤਰੀ ਰੈਂਕ ਦੇ ਬਰਾਬਰ ਦੀ ਪੋਸਟ ਯੋਜਨਾ ਬੋਰਡ ਦਾ ਚੇਅਰਮੈਨ ਰਹਿ ਕੇ ਵੀ ਜੇ ਬਾਠ ਲੋਕਾਂ ਦੀ ਸੇਵਾ ਨਹੀਂ ਕਰ ਸਕਿਆ ਤਾਂ ਫੇਰ ਹੋਰ ਕਿਵੇਂ ਲੋਕਾਂ ਦੀ ਸੇਵਾ ਕਰ ਸਕੇਗਾ।
ਬਾਠ ਨੇ ਇੱਕ ਨੀ ਕਈ ਵਾਰ ਮਾਰਿਆਂ ਪਿੱਠ 'ਚ ਛੁਰਾ
ਉਨ੍ਹਾਂ ਕਿਹਾ ਕਿ ਟਿਕਟ ਦੀ ਲੜਾਈ ਦੀ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਘਰਸ਼ ਨਾਲ ਤੁਲਨਾ ਕਰਕੇ ਬਾਠ ਨੇ ਸ਼ਹੀਦਾਂ ਦਾ ਨਿਰਾਦਰ ਕੀਤਾ ਹੈ। ਹਸਨ ਭਾਰਦਵਾਜ ਨੇ ਅੱਗੇ ਕਿਹਾ ਕਿ ਬਾਠ ਨੇ ਪਹਿਲੀ ਵਾਰ ਪਾਰਟੀ ਨੂੰ ਪਿੱਠ ਨਹੀਂ ਦਿਖਾਈ ਸੀ, ਸਗੋਂ ਗੁਰਮੇਲ ਸਿੰਘ ਘਰਾਚੋਂ ਦੀ ਲੋਕ ਸਭਾ ਚੋਣ ਵੇਲੇ ਵੀ ਪਿੱਠ 'ਚ ਛੁਰਾ ਮਾਰਦਿਆਂ ਮੁੱਖ ਮੰਤਰੀ ਮਾਨ ਦੀ ਖੁੱਲ੍ਹੇਆਮ ਆਲੋਚਨਾ ਕਰਦਾ ਸੀ। ਉਨ੍ਹਾਂ ਬਾਠ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਬਰਨਾਲਾ ਮਿਊਂਸੀਪਲ ਕਮੇਟੀ ਦੀ ਕਮਾਈ ਵਿੱਚ 13 ਤੋਂ 14 ਕਰੋੜ ਰੁਪਏ ਸਾਲਾਨਾ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਟਿਕਟ ਨਾ ਮਿਲਣ ਉੱਤੇ ਬਿਨਾਂ ਸਬੂਤਾਂ ਤੋਂ ਕਿਰਦਾਰਕੁਸ਼ੀ ਕਰਕੇ ਬਾਠ ਨੇ ਆਪਣੀ ਸ਼ਾਖ ਗਵਾਈ ਹੈ।
ਮੀਤ ਹੇਅਰ ਦੇ ਓਐਸਡੀ ਦਾ ਠੋਕਵਾਂ ਜਵਾਬ
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਦੀ ਆਜ਼ਾਦ ਤੌਰ 'ਤੇ ਚੋਣ ਲੜ ਰਹੇ ਹਨ। ਇਸ ਚੋਣ ਦੌਰਾਨ ਵੱਖ-ਵੱਖ ਚੋਣ ਸਭਾਵਾਂ ਵਿੱਚ ਸੰਬੋਧਨ ਦੌਰਾਨ ਗੁਰਦੀਪ ਬਾਠ ਨੇ ਮੀਤ ਹੇਅਰ ਅਤੇ ਉਹਨਾਂ ਦੇ ਓਐਸਡੀ ਹਸਨ ਭਾਰਦਵਾਜ਼ ਉੱਪਰ ਭ੍ਰਿਸ਼ਟਾਚਾਰ ਸਮੇਤ ਹੋਰ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਹਨ। ਜਿਸ ਦਾ ਜਵਾਬ ਹਸਨ ਭਾਰਦਵਾਜ ਵੱਲੋਂ ਦਿੱਤਾ ਗਿਆ।