ਹੈਦਰਾਬਾਦ ਡੈਸਕ:ਪਟਿਆਲਾ-ਸਮਾਣਾ ਰੋਡ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਖਨੌਰੀ ਬਾਰਡਰ ‘ਤੇ ਮਰਨ ਵਰਤੇ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੇ ਚੈੱਕਅੱਪ ਲਈ ਜਾ ਰਹੀ ਰਜਿੰਦਰਾ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਦੀ ਕਾਰ ਦੀ ਟੱਕਰ ਇੱਕ ਦੂਸਰੀ ਕਾਰ ਕਾਰਨ ਹੋਈ ਹੈ। ਜਿਸ ਦੇ ਵਿੱਚ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਲਤ ਸਾਈਡ ਤੋਂ ਆ ਕੇ ਸਕਾਰਪੀਓ ਕਾਰ ਨੇ ਬਲੈਰੋ ਗੱਡੀ ਨੂੰ ਟੱਕਰ ਮਾਰੀ ਦਿੱਤੀ।
ਜਾਨੀ ਨੁਕਸਾਨ ਤੋਂ ਬਚਾਅ
ਗਨੀਮਤ ਰਹੀ ਕਿ ਇਸ ਸੜਕ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਡਾਕਟਰਾਂ ਦੀ ਜਾਨ ਬਚ ਗਈ ਪਰ ਡਾਕਟਰੀ ਟੀਮ ਨੂੰ ਮਾਮੂਲੀ ਸੱਟਾਂ ਆਈਆਂ ਨੇ ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਕਿ ਇਹ ਹਾਦਸਾ ਸਵੇਰ ਸਮੇਂ ਪਿੰਡ ਮਵੀ ਨੇੜੇ ਵਾਪਰਿਆ।ਇਸ ਹਾਦਸੇ ਦਾ ਕਾਰਨ ਸਕਾਰਪੀਓ ਗੱਡੀ ਦੇ ਡਰਾਇਵਰ ਦੀ ਲਾਪਰਵਾਹੀ ਨੂੰ ਮੰਨਿਆ ਜਾ ਰਿਹਾ ਹੈ।
ਡੱਲੇਵਾਲ ਦਾ ਮਰਨ ਵਰਤ
ਦੱਸ ਦੇਈਏ ਕਿ ਕਰੀਬ ਇੱਕ ਮਹੀਨੇ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਹਨ। ਜਿਸ ਕਾਰਨ ਡਾਕਟਰਾਂ ਦੀ ਟੀਮਾਂ ਦੇ ਵੱਲੋਂ ਹਰ ਦੋ ਘੰਟੇ ਬਾਅਦ ਉਹਨਾਂ ਦਾ ਚੈੱਕਅੱਪ ਕੀਤਾ ਜਾ ਰਿਹਾ। ਹੁਣ ਤੱਕ ਉਹਨਾਂ ਦਾ ਵਜ਼ਨ 10 ਤੋਂ 12 ਕਿਲੋ ਘੱਟ ਚੁੱਕਾ ਤੇ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀ ਜਾਂਚ ਦਾ ਜਿੰਮਾ ਚੁੱਕਿਆ ਗਿਆ ਹੈ। ਖਨੌਰੀ ਬਾਰਡਰ ਦੇ ਉੱਤੇ ਹੀ ਇੱਕ ਆਰਜੀ ਤੌਰ 'ਤੇ ਹਸਪਤਾਲ ਦਾ ਵੀ ਬਣਾਇਆ ਗਿਆ ਹੈ।
ਡੱਲੇਵਾਲ ਨਾਲ ਮੁਲਾਕਾਤ
ਉਧਰ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਖਨੌਰੀ ਬਾਰਡਰ ਜਾ ਕੇ ਡੱਲੇਵਾਲ ਨਾਲ ਮੁਲਾਕਾਤ ਕੀਤੀ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੀ ਦੁਪਹਿਰ ਬਾਅਦ ਉਨ੍ਹਾਂ ਨੂੰ ਮਿਲਣ ਪਹੁੰਚੇ। ਔਜਲਾ ਨੇ ਕਿਹਾ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦਾ ਪੰਜਾਬ ਅਤੇ ਹਰਿਆਣਾ ਖਨੌਰੀ ਬਾਰਡਰ ਪੁੱਜ ਕੇ ਮੁਲਾਕਤ ਕਾਰਕੇ ਸਿਹਤ ਦਾ ਪਤਾ ਲਿਆ। ਜਿਕਰਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਐਮਐਸਪੀ ਦੀ ਮੰਗ ਸਣੇ ਕਈ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਦੇ ਖਨੌਰੀ ਬਾਰਡਰ 'ਤੇ ਪਿਛਲੇ 29 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹਨ ਉਨ੍ਹਾਂ ਦਾ ਮਰਨ ਵਰਤ ਨਿਰੰਤਰ ਜਾਰੀ ਹੈ। ਮੈਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਓਹਨਾਂ ਦੀ ਵਿਗੜ ਰਹੀ ਸਿਹਤ ਨੂੰ ਵੇਖਦੇ ਹੋਏ ਜਲਦ ਕੋਈ ਠੋਸ ਫ਼ੈਸਲਾ ਲਿਆ ਜਾਏ।