ਬਰਨਾਲਾ:ਝੋਨੇ ਦੀ ਵਾਢੀ ਦਾ ਸੀਜ਼ਨ ਜਾਰੀ ਹੈ। ਝੋਨੇ ਦੀ ਫਸਲ ਵੀ ਪੂਰੀ ਤਰ੍ਹਾਂ ਪੱਕ ਚੁੱਕੀ ਹੈ। ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਅਤੇ ਡੀਏਪੀ ਖਾਦ ਦੀ ਸਮੱਸਿਆ ਦੇ ਕਾਰਨ ਪੰਜਾਬ ਦੀ ਕਿਸਾਨੀ ਰੁਲ ਰਹੀ ਹੈ। ਕਣਕ ਦੀ ਬਿਜਾਈ ਕਰਨ ਦੇ ਲਈ ਕਿਸਾਨਾਂ ਨੂੰ ਡੀਏਪੀ ਖਾਦ ਨਹੀਂ ਮਿਲ ਰਹੀ ਅਤੇ ਡੀਏਪੀ ਖਾਦ ਦੀ ਕਾਲਾ ਬਾਜ਼ਾਰੀ ਹੋ ਰਹੀ ਹੈ ਜਿਸ ਕਾਰਨ ਕਿਸਾਨਾਂ ਨੂੰ ਡੀਏਪੀ ਦੇ ਨਾਲ ਵਾਧੂ ਹੋਰ ਵਸਤਾਂ ਲਗਾ ਕੇ ਦਿੱਤੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਖੁਦ ਕਿਸਾਨਾਂ ਦੀ ਹਤੈਸ਼ੀ ਸਰਕਾਰ ਕਹਾਉਣ ਦੇ ਦਾਅਵੇ ਕਰਦੀ ਸੀ ਅਤੇ ਕਿਸਾਨਾਂ ਦੀ ਫਸਲ ਦਾ ਮੰਡੀਆਂ ਵਿੱਚੋਂ ਦਾਣਾ ਦਾਣਾ ਚੁੱਕਣ ਦਾ ਦਾਅਵਾ ਕਰ ਰਹੀ ਸੀ। ਪਰ ਅਜਿਹਾ ਨਹੀਂ ਹੋ ਰਿਹਾ, ਕਿਸਾਨਾਂ ਦੀ ਫਸਲ ਹਾਲੇ ਵੀ ਮੰਡੀਆਂ ਵਿੱਚ ਹੀ ਰੁਲ ਰਹੀ ਹੈ।
ਕਰਮਗੜ੍ਹ ਦਾਣਾ ਮੰਡੀ ਵਿੱਚ ਆੜਤੀ ਵੱਧ ਝੋਨਾ ਤੋਲਦਾ ਫੜਿਆ, ਮਾਰਕੀਟ ਕਮੇਟੀ ਨੇ ਕੀਤਾ ਜੁਰਮਾਨਾ - FINE FOR ARHATIYA AND TOLA
ਬਰਨਾਲਾ ਦੇ ਪਿੰਡ ਕਰਮਗੜ੍ਹ ਵਿਖੇ ਝੋਨਾ ਵੱਧ ਤੋਲੇ ਜਾਣ ’ਤੇ ਪਿੰਡ ਦੇ ਪੰਚਾਇਤੀ ਨੁਮਾਇੰਦਿਆਂ ਤੇ ਕਿਸਾਨਾਂ ਵਲੋਂ ਧੋਖੇ ਵਿਰੁੱਧ ਮੰਡੀ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ।
Published : Nov 6, 2024, 7:47 AM IST
ਉੱਥੇ ਹੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਰਮਗੜ੍ਹ ਵਿਖੇ ਝੋਨਾ ਵੱਧ ਤੋਲੇ ਜਾਣ ’ਤੇ ਮਾਰਕੀਟ ਕਮੇਟੀ ਵਲੋਂ ਇੱਕ ਆੜਤੀਏ ਅਤੇ ਤੋਲੇ ਨੂੰ ਜੁਰਮਾਨਾ ਕੀਤਾ ਗਿਆ ਹੈ। ਪਿੰਡ ਦੀ ਸਰਪੰਚ ਹਰਪ੍ਰੀਤ ਕੌਰ ਦੇ ਪਤੀ ਹਰਕੇਸ਼ ਸਿੰਘ, ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਮੀਤ ਪ੍ਰਧਾਨ ਸ਼ਿੰਗਾਰਾ ਸਿੰਘ ਮੀਤ ਪ੍ਰਧਾਨ ਲੱਖਾ ਪੰਚ ਮਾਨਾ ਸਿੰਘ ਅਤੇ ਗੁਰਜੰਟ ਸਿੰਘ ਕਰਮਗੜ੍ਹ ਦੀ ਅਗਵਾਈ ਹੇਠ ਪੰਚਾਇਤੀ ਨੁਮਾਇੰਦਿਆਂ ਤੇ ਕਿਸਾਨਾਂ ਵਲੋਂ ਇਸ ਧੋਖੇ ਵਿਰੁੱਧ ਮੰਡੀ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ। ਜਿਸ ਉਪਰੰਤ ਮੰਡੀ ਵਿੱਚ ਮਾਰਕੀਟ ਕਮੇਟੀ ਬਰਨਾਲਾ ਦੇ ਸਕੱਤਰ ਕੁਲਵਿੰਦਰ ਸਿੰਘ ਭੁੱਲਰ ਪਹੁੰਚੇ। ਜਿੰਨ੍ਹਾਂ ਵਲੋਂ ਕਿਸਾਨਾਂ ਅਤੇ ਪੰਚਾਇਤ ਦੀ ਹਾਜ਼ਰੀ ਵਿੱਚ ਸਬੰਧਤ ਆੜਤੀਏ ਵੱਲੋਂ ਖਰੀਦਿਆ ਗਿਆ ਝੋਨਾ ਮੁੜ ਤੋਲਿਆ ਗਿਆ। ਜਿਸ ਵਿੱਚ ਵੱਧ ਝੋਨਾ ਤੋਲੇ ਜਾਣ ਦੀ ਪੁਸ਼ਟੀ ਹੋਈ। ਉਪਰੰਤ ਮਾਰਕੀਟ ਕਮੇਟੀ ਦੇ ਅਧਿਕਾਰੀਆ ਵਲੋਂ ਆੜਤੀਏ ਤੇ ਤੋਲੇ ਨੂੰ ਜ਼ੁਰਮਾਨਾ ਕੀਤਾ ਗਿਆ।
ਆੜਤੀਏ ਨੂੰ 8 ਹਜ਼ਾਰ ਰੁਪਏ ਅਤੇ ਤੋਲੇ ਨੂੰ 1500 ਰੁਪਏ ਜ਼ੁਰਮਾਨਾ
ਇਸ ਮੌਕੇ ਕਮੇਟੀ ਸਕੱਤਰ ਕੁਲਵਿੰਦਰ ਸਿੰਘ ਭੁੱਲਰ ਨੇ ਕਿਸਾਨਾਂ ਤੇ ਪੰਚਾਇਤ ਦੀ ਸ਼ਿਕਾਇਤ ’ਤੇ ਰਾਜ ਕੁਮਾਰ ਆੜਤੀਆ ਫ਼ਰਮ ਵਲੋਂ ਇੱਕ ਕਿਸਾਨ ਦਾ ਵੱਧ ਝੋਨਾ ਤੋਲਿਆ ਗਿਆ। ਜਾਂਚ ਦੌਰਾਨ ਪ੍ਰਤੀ ਗੱਟਾ ਕਰੀਬ ਡੇਢ ਕਿਲੋ ਝੋਨਾ ਵੱਧ ਤੋਲਿਆ ਗਿਆ ਹੈ। ਜਿਸ ਤੋਂ ਬਾਅਦ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਉਕਤ ਆੜਤੀਏ ਨੂੰ 8 ਹਜ਼ਾਰ ਰੁਪਏ ਅਤੇ ਤੋਲੇ ਨੂੰ 1500 ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਆੜਤੀਏ ਨੂੰ ਕਿਸਾਨ ਦਾ ਵੱਧ ਝੋਨਾ ਤੋਲੇ ਜਾਣ ਦਾ ਅਲੱਗ ਜੇ ਫਾਰਮ ਭਰਨ ਲਈ ਵੀ ਹਦਾਇਤ ਕੀਤੀ ਗਈ ਹੈ। ਉੱਥੇ ਹੀ ਮੌਕੇ ਬਿੰਦਰ ਸਿੰਘ ਕੋਠੇ ਖੇੜੀ ਵਾਲੇ, ਗੁਰਤੇਜ ਸਿੰਘ ਕਾਲਾ ਸਿੰਘ ਚਮਕੌਰ ਸਿੰਘ ਦਰਸ਼ਨ ਸਿੰਘ ਸ਼ੇਰ ਸਿੰਘ ਤੋਂ ਇਲਾਵਾ ਹੋਰ ਪਿੰਡ ਦੇ ਪਤਵੰਤੇ ਅਤੇ ਕਿਸਾਨ ਵੀ ਹਾਜ਼ਰ ਸਨ।