ਸੰਗਰੂਰ: ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਦੀ ਘਟਨਾ ਵਿੱਚ ਹੁਣ ਤੱਕ 20 ਮੌਤਾਂ ਹੋ ਚੁੱਕੀਆਂ ਹਨ। ਇਸ ਸਬੰਧੀ ਜਿਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਦੀ ਮੌਤ ਹੋ ਗਈ ਹੈ ਉਨ੍ਹਾਂ ਨੇ ਦਿੜ੍ਹਬਾ ਸੁਨਾਮ ਅਤੇ ਚੀਮਾ ਥਾਣਿਆਂ ਵਿੱਚ ਕੇਸ ਦਰਜ ਕਰਵਾਇਆ ਗਿਆ ਹੈ।
ਹੁਣ ਤੱਕ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਮਾਸਟਰਮਾਈਂਡ ਗ੍ਰਿਫ਼ਤਾਰ ਕੀਤੇ ਗਏ ਹਨ। ਇਹ ਮਾਸਟਰਮਾਈਂਡ ਇਸ ਕਰਕੇ ਹਨ ਕਿਉਂਕਿ ਇਨ੍ਹਾਂ ਦੋਨਾਂ ਖਿਲਾਫ਼ ਪਹਿਲਾਂ ਵੀ ਬਹੁਤ ਕੇਸ ਦਰਜ ਹਨ। ਮੁੱਖ ਮੁਲਜ਼ਮ ਹਰਮਨਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਸਸਤੀ ਸ਼ਰਾਬ ਬਣਾਉਣ ਦਾ ਮਾਸਟਰਮਾਈਂਡ ਹੈ। ਉਹ ਪਟਿਆਲਾ ਦੇ ਪੰਤਾਰਾ ਇਲਾਕੇ ਦੇ ਪਿੰਡ ਤਾਈਪੁਰ ਦਾ ਰਹਿਣ ਵਾਲਾ ਹੈ। ਯੂ-ਟਿਊਬ 'ਤੇ ਵੀਡੀਓ ਦੇਖਣ ਤੋਂ ਬਾਅਦ ਉਸ ਨੇ ਘਰ 'ਚ ਸਸਤੀ ਸ਼ਰਾਬ ਬਣਾਉਣ ਦੀ ਫੈਕਟਰੀ ਲਗਾ ਦਿੱਤੀ। ਇਹ ਉਸਦੀ ਪਹਿਲੀ ਡਿਲੀਵਰੀ ਸੀ। 32 ਸਾਲਾ ਗੁਰਲਾਲ ਸੰਗਰੂਰ ਦੇ ਪਿੰਡ ਉਬਾਂਵਾਲ ਦਾ ਰਹਿਣ ਵਾਲਾ ਹੈ। ਇਹ ਦੋ ਮੁੱਖ ਮੁਲਜ਼ਮ ਹਨ।
ਇਨ੍ਹਾਂ ਨਾਲ ਤੀਜਾ ਮੁਲਜ਼ਮ 25 ਸਾਲਾ ਮਨਪ੍ਰੀਤ ਸਿੰਘ ਉਰਫ਼ ਮਨੀ ਸੰਗਰੂਰ ਦੇ ਪਿੰਡ ਗੁੱਜਰਾਂ ਦਾ ਰਹਿਣ ਵਾਲਾ ਹੈ। ਇਸ ਪਿੰਡ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਕੁੱਲ 10 ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ 'ਚੋਂ 8 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਹੁਣ ਤੱਕ 14 ਲਾਸ਼ਾਂ ਦਾ ਸੰਸਕਾਰ ਕਰ ਦਿੱਤਾ ਗਿਆ ਹੈ। 6ਲਾਸ਼ਾਂ ਸੰਸਕਾਰ ਕਰਨਾ ਹਜੇ ਬਾਕੀ ਹੈ। ਹੁਣ SIT ਇਸ ਮਾਮਲੇ ਦੀ ਜਾਂਚ ਕਰੇਗੀ।
ਦੂਜੇ ਪਾਸੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਅਨੁਸਾਰ ਪੁਲਿਸ ਨੇ ਇਸ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ ਹੁਣ ਤੱਕ 3 ਵੱਖ-ਵੱਖ ਐਫਆਈਆਰ ਦਰਜ ਕਰਕੇ ਇੱਕ ਔਰਤ ਸਮੇਤ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਜ਼ਹਿਰੀਲੀ ਸ਼ਰਾਬ ਬਣਾਉਣ ਦਾ ਮਾਸਟਰਮਾਈਂਡ ਵੀ ਸ਼ਾਮਲ ਹੈ।