ਮਾਨਸਾ: ਜਾਰਜੀਆ ਹਾਦਸੇ ਦਾ ਸ਼ਿਕਾਰ ਹੋਏ ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਖੁਰਦ ਦੇ ਹਰਵਿੰਦਰ ਸਿੰਘ ਦੀ ਲਾਸ਼ ਅੱਜ ਜੱਦੀ ਪਿੰਡ ਵਿਖੇ ਪਹੁੰਚੀ, ਜਿੱਥੇ ਪਰਿਵਾਰ ਦਾ ਲਾਸ਼ ਨੂੰ ਦੇਖ ਕੇ ਬੁਰਾ ਹਾਲ ਸੀ ਅਤੇ ਪਿੰਡ ਦੇ ਹਰ ਇੱਕ ਵਿਅਕਤੀਆਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਪਰਿਵਾਰ ਵੱਲੋਂ ਆਪਣੇ ਇਕਲੌਤੇ ਪੁੱਤਰ ਦਾ ਮੂੰਹ ਦੇਖਣ ਦੇ ਲਈ ਸਰਕਾਰਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਪੰਜਾਬ ਲਿਆਂਦੀ ਜਾਵੇ ਤਾਂ ਕਿ ਉਹ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਕਰ ਸਕਣ।
ਪਰਿਵਾਰ ਨੇ ਸਰਕਾਰ ਖ਼ਿਲਾਫ਼ ਜਤਾਇਆ ਰੋਸ (ETV BHARAT) ਪਰਿਵਾਰ ਵੱਲੋਂ ਅੰਤਿਮ ਰਸਮਾਂ ਕੀਤੀਆਂ ਗਈਆਂ ਪੂਰੀਆਂ
ਅੱਜ ਲਾਸ਼ ਪਿੰਡ ਖੋਖਰ ਖੁਰਦ ਪਹੁੰਚਣ ਉੱਤੇ ਮਾਪਿਆਂ ਨੇ ਆਪਣੇ ਪੁੱਤਰ ਦਾ ਮੂੰਹ ਦੇਖਿਆ ਅਤੇ ਛੋਟੀ ਭੈਣ ਵੱਲੋਂ ਆਪਣੇ ਮ੍ਰਿਤਕ ਭਰਾ ਦੇ ਸਿਰ ਉੱਤੇ ਸਿਹਰਾ ਸਜਾ ਕੇ ਆਖਰੀ ਵਿਦਾਈ ਦਿੱਤੀ ਗਈ। ਇਸ ਦੌਰਾਨ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਮ੍ਰਿਤਕ ਹਰਵਿੰਦਰ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਅਤੇ ਪਰਿਵਾਰ ਵੱਲੋਂ ਭਾਰਤ ਅਤੇ ਜਾਰਜੀਆ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ।
ਸਰਕਾਰ ਖ਼ਿਲਾਫ਼ ਨਰਾਜ਼ਗੀ
ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਬੇਸ਼ੱਕ ਉਹਨਾਂ ਦਾ ਪੁੱਤਰ ਰੁਜ਼ਗਾਰ ਦੇ ਲਈ ਵਿਦੇਸ਼ ਗਿਆ ਸੀ ਅਤੇ ਉਸ ਦੀ ਹਾਦਸੇ ਦੇ ਦੌਰਾਨ ਮੌਤ ਹੋ ਗਈ ਪਰ ਇੱਕਲੌਤਾ ਪੁੱਤਰ ਹੋਣ ਦੇ ਚਲਦਿਆਂ ਜਿੱਥੇ ਪੂਰੇ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਹੈ ਉੱਥੇ ਹੀ ਅੱਜ ਉਸ ਦੇ ਸਸਕਾਰ ਮੌਕੇ ਕੋਈ ਵੀ ਸਿਆਸੀ ਆਗੂ ਹਾਜ਼ਰ ਨਹੀਂ ਹੋਇਆ। ਪਰਿਵਾਰ ਨੇ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਵੋਟਾਂ ਵੇਲੇ ਹਰ ਘਰ ਦਾ ਬੂਹਾ ਖੜਕਾਉਣ ਵਾਲੇ ਲੀਡਰ ਅੱਜ ਦੁੱਖ ਦੀ ਘੜੀ ਵਿੱਚ ਕਿਤੇ ਵੀ ਨਜ਼ਰ ਨਹੀਂਂ ਆਏ। ਉਨ੍ਹਾਂ ਕਿਹਾ ਕਿ ਇਲਾਕੇ ਦਾ ਕੋਈ ਸੀਨੀਅਰ ਅਫਸਰ, ਅਧਿਕਾਰੀ ਜਾਂ ਸਿਆਸੀ ਆਗੂ ਵੀ ਨਹੀਂ ਪਹੁੰਚਿਆ। ਪਰਿਵਾਰ ਨੇ ਕਿਹਾ ਕਿ ਜਾਰਜੀਆ ਵਿੱਚ 12 ਪੰਜਾਬੀਆਂ ਦੀ ਮੌਤ ਦਾ ਮਾਮਲਾ ਪੂਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣਿਆ ਪਰ ਸਾਡੇ ਮੋਹਤਬਰ ਅਫਸਰਾਂ ਅਤੇ ਲੀਡਰਾਂ ਤੱਕ ਇਹ ਅਵਾਜ਼ ਪਹੁੰਚੀ ਹੀ ਨਹੀਂ। ਦੱਸ ਦਈਏ ਜਾਰਜੀਆ ਦੇ ਗੁਡੌਰੀ ਪਹਾੜੀ ਰਿਜ਼ਾਰਟ ਵਿੱਚ 12 ਭਾਰਤੀ ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ ਸਨ। ਜਾਰਜੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਸਾਰੇ ਪੀੜਤਾਂ ਦੀ ਮੌਤ ਕਾਰਬਨ ਮੋਨੋਆਕਸਾਈਡ ਜ਼ਹਿਰ ਕਾਰਨ ਹੋਈ।